ਵੈਸਟ ਆਕਲੈਂਡ ‘ਚ ਅੱਜ ਰਾਤ ਇੱਕ ਯਾਤਰੀ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਨਤੀਜੇ ਵਜੋਂ ਪੂਰੇ ਸ਼ਹਿਰ ਵਿੱਚ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਅਤੇ ਮਾਊਂਟ ਅਲਬਰਟ ਵਿੱਚ ਵੁੱਡਵਾਰਡ ਰੋਡ ਲੈਵਲ ਕਰਾਸਿੰਗ ਦੇ ਆਲੇ-ਦੁਆਲੇ ਸੜਕਾਂ ਬੰਦ ਹਨ। ਐਮਰਜੈਂਸੀ ਸੇਵਾਵਾਂ ਨੂੰ ਸ਼ਾਮ 6.30 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ ਅਤੇ ਪੁਲਿਸ ਲੋਕਾਂ ਨੂੰ ਇਲਾਕੇ ਤੋਂ ਬਚਣ ਲਈ ਸਾਵਧਾਨ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ, “ਮੌਤ ਮਾਮਲੇ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।” ਘਟਨਾ ਵਾਲੇ ਸਥਾਨ ਤੋਂ ਸਾਹਮਣੇ ਆਈਆਂ ਤਸਵੀਰਾਂ ‘ਚ ਲੈਵਲ ਕਰਾਸਿੰਗ ‘ਤੇ ਇੱਕ ਯਾਤਰੀ ਰੇਲਗੱਡੀ ਨੂੰ ਰੋਕਿਆ ਦੇਖਿਆ ਜਾ ਸਕਦਾ ਹੈ, ਜਿਸ ਨੂੰ ਕਈ ਪੁਲਿਸ ਕਾਰਾਂ ਅਤੇ ਸੇਂਟ ਜੌਨ ਵਾਹਨ ਨੇ ਘੇਰਿਆ ਹੋਇਆ ਹੈ। ਆਕਲੈਂਡ ਟ੍ਰਾਂਸਪੋਰਟ ਦੇ ਇੱਕ ਅਪਡੇਟ ਦੇ ਅਨੁਸਾਰ, ਸਾਰੀਆਂ ਰੇਲ ਲਾਈਨਾਂ ‘ਤੇ ਸੇਵਾਵਾਂ ਬਾਕੀ ਰਾਤ ਲਈ ਰੱਦ ਕਰ ਦਿੱਤੀਆਂ ਗਈਆਂ ਸੀ। ਸੇਵਾਵਾਂ ਦੁਬਾਰਾ ਕਦੋਂ ਸ਼ੁਰੂ ਹੋਣਗੀਆਂ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
