ਵੀਰਵਾਰ ਨੂੰ ਆਕਲੈਂਡ ਵਿੱਚ ਰੇਬੀਜ਼ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਇਸ ਬਿਮਾਰੀ ਦਾ ਇਹ ਪਹਿਲਾ ਮਾਮਲਾ ਹੈ। ਜਾਨ ਗਵਾਉਣ ਵਾਲਾ ਵਿਅਕਤੀ ਇੱਕ ਵਿਦੇਸ਼ੀ ਯਾਤਰੀ ਸੀ।ਸਿਹਤ ਮੰਤਰਾਲੇ ਦੇ ਪਬਲਿਕ ਹੈਲਥ ਦੇ ਡਾਇਰੈਕਟਰ ਡਾ: ਨਿਕ ਜੋਨਸ ਨੇ ਕਿਹਾ ਕਿ ਰੇਬੀਜ਼ ਦੇ ਮਰੀਜ਼ ਦਾ ਪੂਰਾ ਧਿਆਨ ਰੱਖਿਆ ਗਿਆ ਸੀ ਇਸ ਲਈ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ।
ਟੇ ਵੱਟੂ ਓਰਾ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਵਿਅਕਤੀ ਨੂੰ ਸ਼ੱਕੀ ਰੇਬੀਜ਼ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ ਜਦੋਂ ਪਹਿਲੀ ਵਾਰ ਮਾਰਚ ਦੇ ਸ਼ੁਰੂ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਇਸ ਲਈ ਆਕਲੈਂਡ ਸਿਟੀ ਹਸਪਤਾਲ ਅਤੇ ਵਾਂਗਾਰੇਈ ਹਸਪਤਾਲ ਵਿੱਚ ਜਿੱਥੇ ਉਹਨਾਂ ਦੀ ਪਹਿਲੀ ਜਾਂਚ ਕੀਤੀ ਗਈ ਸੀ, ਵਿੱਚ ਸੰਕਰਮਣ ਨਿਯੰਤਰਣ ਦੇ ਪੂਰੇ ਉਪਾਵਾਂ ਨਾਲ ਇਲਾਜ਼ ਕੀਤਾ ਗਿਆ ਸੀ।”
“ਰੇਬੀਜ਼ ਆਮ ਤੌਰ ‘ਤੇ ਕਿਸੇ ਲਾਗ ਵਾਲੇ ਜਾਨਵਰ ਦੇ ਲਾਰ ਤੋਂ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਜਾਨਵਰ ਵੱਲੋਂ ਕੱਟਿਆ ਜਾਂਦਾ ਹੈ। ਜੇਕਰ ਵਿਅਕਤੀ ਕੱਟੇ ਜਾਣ ਅਤੇ ਲੱਛਣਾਂ ਦੇ ਵਿਕਾਸ ਦੇ ਵਿਚਕਾਰ ਇਲਾਜ ਨਹੀਂ ਕਰਵਾਉਦਾ ਤਾਂ ਰੇਬੀਜ਼ ਆਮ ਤੌਰ ‘ਤੇ ਘਾਤਕ ਹੁੰਦਾ ਹੈ।” ਵਿਅਕਤੀ ਦੀ ਪਛਾਣ ਦੀ ਨਿੱਜਤਾਂ ਲਈ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਜਾਣਗੇ। ਟੇ ਵੱਟੂ ਓਰਾ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਜਾਨਵਰਾਂ ਜਾਂ ਮਨੁੱਖੀ ਆਬਾਦੀ ਵਿੱਚ ਰੇਬੀਜ਼ ਨਹੀਂ ਹੈ ਅਤੇ ਇਸ ਕੇਸ ਨੇ ਸਾਡੀ ਰੇਬੀਜ਼ ਮੁਕਤ ਸਥਿਤੀ ਨੂੰ ਨਹੀਂ ਬਦਲਿਆ ਹੈ।