ਜਲੰਧਰ ਦਿਹਾਤੀ ਪੁਲਿਸ ਨੇ ਇੱਕ ਸ਼ਾਤਿਰ ਠੱਗ ਨੂੰ ਕਾਬੂ ਕੀਤਾ ਹੈ। ਦਰਅਸਲ ਠੱਗ ਨੇ ਇੱਕ ਕੈਨੇਡੀਅਨ ਨਾਗਰਿਕ ਵਜੋਂ ਸ਼ਾਦੀ ਡਾਟ ਕਾਮ ‘ਤੇ ਆਪਣੀ ਇੱਕ ਪ੍ਰੋਫਾਈਲ ਬਣਾਈ ਰੱਖੀ ਸੀ। ਮੁਲਜ਼ਮ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਅਤੇ ਦਿੱਲੀ ਤੋਂ ਵੀ ਲੜਕੀਆਂ ਨੂੰ ਫਸਾਉਂਦਾ ਸੀ। ਸਰੀਰਕ ਸ਼ੋਸ਼ਣ ਤੋਂ ਬਾਅਦ ਮੁਲਜ਼ਮ ਕੁੱਟਮਾਰ ਵੀ ਕਰਦਾ ਸੀ। ਜਲੰਧਰ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੁਣ ਤੱਕ ਇਹ ਧੋਖੇਬਾਜ਼ 50 ਦੇ ਕਰੀਬ ਲੜਕੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਕਈਆਂ ਨਾਲ ਉਸ ਦੇ ਸਰੀਰਕ ਸਬੰਧ ਵੀ ਸਨ। ਪੀੜਤ ਲੜਕੀਆਂ ਦੀ ਸ਼ਿਕਾਇਤ ਜਲੰਧਰ ਦਿਹਾਤੀ ਪੁਲਿਸ ਕੋਲ ਆਉਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ। ਇਸ ਮਗਰੋਂ ਮੁਲਜ਼ਮ ਨੂੰ ਗੁਰਾਇਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਗੁਰਾਇਆ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਇੱਕ ਲੜਕੀ ਨੇ ਹਿੰਮਤ ਜੁਟਾ ਕੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਬਹਾਨਾ ਲਾ ਕੇ ਉਸ ਨਾਲ 1.50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮ 60 ਹਜ਼ਾਰ ਰੁਪਏ ਹੋਰ ਮੰਗ ਰਿਹਾ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਨਾਲ ਸਰੀਰਕ ਸਬੰਧ ਵੀ ਸਨ।
ਖਾਸ ਗੱਲ ਇਹ ਹੈ ਕਿ ਮੁੰਡਾ ਕਦੇ ਵੀ ਕੈਨੇਡਾ ਨਹੀਂ ਗਿਆ ਪਰ ਉਹ ਕੈਨੇਡਾ ਦਾ ਨਾਗਰਿਕ ਹੋਣ ਦਾ ਝਾਂਸਾ ਦੇ ਕੇ ਲੜਕੀਆਂ ਨੂੰ ਫਸਾਉਂਦਾ ਸੀ। ਮੁਲਜ਼ਮ ਲੜਕੀਆਂ ਨੂੰ ਆਪਣੇ ਵੱਖ-ਵੱਖ ਨਾਂ ਦੱਸਦਾ ਸੀ। ਉਸ ਨੇ ਸ਼ਾਦੀ ਡਾਟ ਕਾਮ ‘ਤੇ ਸੰਦੀਪ ਸਿੰਘ ਕੈਨੇਡਾ ਦੇ ਨਾਂ ‘ਤੇ ਪ੍ਰੋਫਾਈਲ ਬਣਾਈ ਸੀ। ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੋਨ ’ਚੋਂ ਕਰੀਬ 50 ਲੜਕੀਆਂ ਦੀਆਂ ਫੋਟੋਆਂ ਮਿਲੀਆਂ ਹਨ। ਮੁਲਜ਼ਮ ਨੇ ਉਨ੍ਹਾਂ ਨੂੰ ਵਰਗਲਾ ਕੇ ਫਸਾਇਆ ਸੀ। ਮੁਲਜ਼ਮ ਇਨ੍ਹਾਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਕੈਨੇਡਾ ਲਿਜਾਣ ਦਾ ਸੁਪਨਾ ਦਿਖਾ ਰਿਹਾ ਸੀ। ਹੁਣ ਤੱਕ ਉਹ ਲੜਕੀਆਂ ਨਾਲ 60 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਹੈ।
ਮੁਲਜ਼ਮ ਬਹੁਤ ਚਲਾਕ ਹੈ ਅਤੇ ਹੁਣ ਤੱਕ ਬੈਂਕ ਅਸਿਸਟੈਂਟ ਮੈਨੇਜਰ, ਨਰਸ, ਇਮੀਗ੍ਰੇਸ਼ਨ ਪ੍ਰੋਫੈਸਰ ਆਦਿ ਸਮੇਤ ਕਈ ਪੜ੍ਹੀਆਂ-ਲਿਖੀਆਂ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਚੁੱਕਾ ਹੈ। ਕੁਝ ਕੁੜੀਆਂ ਇਸ ਤੋਂ ਗੁੰਮਰਾਹ ਹੋ ਕੇ ਆਪਣੀ ਨੌਕਰੀ ਵੀ ਛੱਡ ਚੁੱਕੀਆਂ ਹਨ। ਐਸਐਚਓ ਨੇ ਦੱਸਿਆ ਕਿ ਹੁਣ ਤੱਕ ਕਰੀਬ ਪੰਜ ਲੜਕੀਆਂ ਸਾਹਮਣੇ ਆ ਚੁੱਕੀਆਂ ਹਨ। ਕੁਝ ਡਰ ਕਾਰਨ ਅੱਗੇ ਨਹੀਂ ਆ ਰਹੀਆਂ।