ਵੈਲਿੰਗਟਨ ਦੇ ਬੱਸ ਡਰਾਈਵਰਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਵੀਰਵਾਰ ਸਵੇਰੇ ਖੇਤਰੀ ਕੌਂਸਲ ਦੇ ਫੈਸਲੇ ਤੋਂ ਬਾਅਦ ਹੁਣ ਵੈਲਿੰਗਟਨ ਦੇ ਬੱਸ ਡਰਾਈਵਰਾਂ ਦੀ ਤਨਖਾਹ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਗ੍ਰੇਟਰ ਵੈਲਿੰਗਟਨ ਖੇਤਰੀ ਕੌਂਸਲਰਾਂ ਨੇ ਵਾਧੇ ‘ਤੇ ਸਰਬਸੰਮਤੀ ਨਾਲ ਵੋਟ ਦਿੱਤੀ ਹੈ, ਜਿਸ ਨਾਲ ਵਿਸ਼ਾਲ ਵੈਲਿੰਗਟਨ ਖੇਤਰ ਵਿੱਚ ਡਰਾਈਵਰਾਂ ਲਈ $1-3 ਪ੍ਰਤੀ ਘੰਟਾ ਵਾਧੂ ਹੋਵੇਗਾ। ਸ਼ਹਿਰੀ ਡਰਾਈਵਰਾਂ ਦੀ ਤਨਖਾਹ ਔਸਤਨ $30 ਪ੍ਰਤੀ ਘੰਟਾ ਹੋ ਜਾਵੇਗੀ, ਜਦੋਂ ਕਿ ਕਪਿਤੀ ਅਤੇ ਵੈਰਾਰਾਪਾ ਡਰਾਈਵਰ ਦੀਆਂ ਦਰਾਂ $28 ਤੱਕ ਵੱਧ ਜਾਣਗੀਆਂ।
ਕਾਉਂਸਿਲ ਦੀ ਪਬਲਿਕ ਟਰਾਂਸਪੋਰਟ ਆਰਮ, ਮੈਟਲਿੰਕ, ਨੇ ਤਬਦੀਲੀ ਦਾ ਪ੍ਰਸਤਾਵ ਦਿੰਦੇ ਹੋਏ ਕਿਹਾ ਕਿ ਡਰਾਈਵਰਾਂ ਦੀ ਰਾਸ਼ਟਰੀ ਘਾਟ ਸੀ ਅਤੇ ਸਟਾਫ ਨੂੰ ਆਕਰਸ਼ਿਤ ਕਰਨਾ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਸੀ। ਅਜੇ ਵੀ 675 ਦੀ ਲੋੜ ਅਨੁਸਾਰ 120 ਡਰਾਈਵਰਾਂ ਦੀ ਕਮੀ ਹੈ। ਜਦਕਿ ਭਰਤੀ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਉੱਥੇ ਹੀ 10 ਬੱਸ ਡਰਾਈਵਰਾਂ ਨੇ ਇਸ ਸਾਲ ਪਹਿਲਾਂ ਹੀ ਕਿੱਤਾ ਛੱਡ ਦਿੱਤਾ ਹੈ, ਜਦਕਿ ਲਗਭਗ 40 ਸਿਖਲਾਈ ਵਿੱਚ ਸਨ। ਆਪਰੇਟਰਾਂ ਦਾ ਅਨੁਮਾਨ ਹੈ ਕਿ ਅਪ੍ਰੈਲ ਵਿੱਚ ਸੜਕ ‘ਤੇ ਲਗਭਗ 20 ਅਤੇ ਮਈ ਵਿੱਚ 65 ਨਵੇਂ ਡਰਾਈਵਰ ਹੋਣਗੇ। ਹਾਲਾਂਕਿ ਹੋਰ 160 ਡਰਾਈਵਰ ਸ਼ਾਮਿਲ ਹੋਣ ਲਈ ਵਚਨਬੱਧ ਸਨ, ਪਰ ਸਾਰੇ ਇਮੀਗ੍ਰੇਸ਼ਨ ਪ੍ਰੋਸੈਸਿੰਗ, ਸਿਖਲਾਈ ਅਤੇ ਲਾਇਸੰਸਿੰਗ ਪਾਸ ਨਹੀਂ ਕਰਨਗੇ।