ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਬੀਤੇ ਦਿਨੀਂ ਹੋਈ ਮੌਤ ਕਾਰਨ ਨਾ ਸਿਰਫ ਪਰਿਵਾਰ ਸਗੋਂ ਉਨ੍ਹਾਂ ਦੇ ਚਾਹੁਣ ਵਾਲੇ ਵੀ ਡਾਹਢੇ ਦੁਖੀ ਹੋਏ ਹਨ। ਪਰਿਵਾਰ ਵਲੋਂ ਪੁੱਤ ਦੇ ਕਤਲ ਦਾ ਇਨਸਾਫ ਦਿਵਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਵੀ ਇਸ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀਆਂ ਦੇ ਦਖਲ ਦੀ ਮੰਗ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਵੱਲੋਂ ਕਰਵਾਉਣ ਦੀ ਮੰਗ ਖਾਰਿਜ ਹੋਣ ਮਗਰੋਂ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕੇਸ ਕੇਂਦਰੀ ਏਜੰਸੀਆਂ ਸੀ.ਬੀ.ਆਈ. ਜਾਂ ਐੱਨ.ਆਈ.ਏ. ਨੂੰ ਟਰਾਂਸਫਰ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੋਈ ਹੈ, ਪਰ ਸਿੱਧੂ ਮੂਸੇਵਾਲਾ ਦੇ ਕਤਲ ਨੇ ਇਸ ਨੂੰ ਇੱਕ ਵੱਡੀ ਨਾਕਾਮੀ ਸਾਬਿਤ ਕਰ ਦਿੱਤਾ। ਦੂਜਾ ਇਸ ਸਪੈਸ਼ਲ ਫੋਰਸ ਇਹ ਵੀ ਪਤਾ ਨਹੀਂ ਲਗਾ ਸਕੀ ਕਿ ਗੈਂਗਸਟਰ AK-47 ਤੇ AN-94 ਹਥਿਆਰ ਕਿੱਥੋਂ ਹਾਸਲ ਕਰਦੀ ਹੈ। ਇਹ ਫੋਰਸ ਅਜੇ ਤੱਕ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ, ਜਿਨ੍ਹਾਂ ਨੇ ਖੁੱਲ੍ਹੇਆਮ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ।
ਬਾਜਵਾ ਨੇ ਅੱਗੇ ਕਿਹਾ ਕਿ ਮੂਸੇਵਾਲਾ ਦਾ ਕਤਲ ਕੌਮੀ ਘਾਟਾ ਹੈ। ਇਸ ਦੀ ਸੂਬੇ ਦੀਆਂ ਹੱਦਾਂ ਦੇ ਅੰਦਰ ਹੋਣ ਦੇ ਨਾਲ-ਨਾਲ ਬਾਹਰੋਂ ਮਿਲ ਰਹੀਆਂ ਧਮਕੀਆਂ ਨੂੰ ਧਿਆਨ ਵਿੱਚ ਰਖਦੇ ਹੋਏ ਵੀ ਨਿਰਪੱਖ ਜਾਂਚ ਹੋਣੀ ਜ਼ਰੂਰੀ ਹੈ। ਇਹ ਪਤਾ ਲਗਾਉਣਾ ਵੀ ਜ਼ਰੂਰੀ ਹੈ ਕਿ ਗੈਂਗਸਟਰਾਂ ਕੋਲ ਅਤਿ-ਆਧੁਨਿਕ ਹਥਿਆਰ ਕਿੱਥੋਂ ਆਏ ਤਾਂਜੋ ਉਨ੍ਹਾਂ ਨੂੰ ਰੋਕਣ ਲਈ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਨਿਆਂ ਯਕੀਨੀ ਬਣਾਉਣ ਲਈ ਵੀ ਕੇਂਦਰੀ ਏਜੰਸੀ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸੀਨੀਅਰ ਪੁਲਿਸ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂਜੋ ਪੰਜਾਬ ਦੇ ਲੋਕ ਸੁਰੱਖਿਅਤ ਰਹਿ ਸਕਣ।