ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਵਾਪਰੀ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਦਰਦਨਾਕ ਘਟਨਾ ਵਾਪਰੀ ਹੈ। ਇਸ ਘਟਨਾ ‘ਤੇ ਜਿੰਨਾ ਵੀ ਦੁੱਖ ਪ੍ਰਗਟਾਇਆ ਜਾਵੇ, ਓਨਾ ਥੋੜ੍ਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੌਮ ਇੰਨੀ ਵੱਡੀ ਬੇਅਦਬੀ ਸਹਾਰ ਨਹੀਂ ਸਕਦੀ। ਇਸ ਵਿੱਚ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਇਸ ਨੂੰ ਬੇਕਨਾਬ ਕਰਨਾ ਬਹੁਤ ਜ਼ਰੂਰੀ ਹੈ। ਬਾਦਲ ਨੇ ਕਿਹਾ ਕਿ ਇਹ ਅਪਰਾਧ ਸ਼ਬਦਾਂ ਲਈ ਬਹੁਤ ਨਿੰਦਣਯੋਗ ਸੀ ਅਤੇ ਇਸ ਨਾਲ ਦੁਨੀਆ ਭਰ ਦੇ ਸਿੱਖ ਲੋਕਾਂ ਦੇ ਮਨਾਂ ਵਿੱਚ ਡੂੰਘੀ ਬੇਚੈਨੀ ਅਤੇ ਰੋਸ ਪੈਦਾ ਹੋਇਆ ਹੈ।
ਬਾਦਲ ਨੇ ਕਿਹਾ ਕਿ ਇਸ ਘਟਨਾ ਦੀ ਕੇਂਦਰ ਸਰਕਾਰ ਜਾਂ ਕਿਸੇ ਜੁਡੀਸ਼ੀਅਲ ਏਜੰਸੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਕਿਉਂਕਿ ਇਸ ਘਟਨਾ ਨਾਲ ਲੋਕਾਂ ਦੇ ਹਿਰਦਿਆਂ ਨੂੰ ਡੂੰਘੀ ਸੱਟ ਪੁੱਜੀ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੀ ਸਾਜ਼ਿਸ਼ ਦੀ ਜਾਂਚ ਕਰਕੇ ਇਸ ਨੂੰ ਬੇਨਕਾਬ ਕੀਤਾ ਜਾਵੇ ਅਤੇ ਇਸ ਦੇ ਪਿੱਛੇ ਜਿਸ ਦਾ ਵੀ ਹੱਥ ਹੈ, ਉਨ੍ਹਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਲੋੜ ਹੈ।