ਬਿਕਰਮ ਸਿੰਘ ਮਜੀਠੀਆ ਵਿਰੁੱਧ ਡਰੱਗ ਮਾਮਲੇ ਵਿਚ ਕੇਸ ਦਰਜ ਹੋਣ ਪਿੱਛੋਂ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਦੇ ਕਿਹਾ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਜਦੋਂ ਪਿਛਲੇ ਦਿਨਾਂ ਵਿੱਚ ਤਿੰਨ ਵਾਰ ਡੀਜੀਪੀ ਬਦਲੇ ਗਏ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ‘ਤੇ ਐੱਫ.ਆਈ.ਆਰ. ਦਰਜ ਕਰਨ ਨੂੰ ਇੱਕ ਸਾਜ਼ਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਤਿੰਨ ਡੀਜੀਪੀ ਬਦਲੇ ਗਏ। ਹਿਸਟਰੀ ਵੇਖ ਲਓ ਕਦੇ ਵੀ ਡੀਜੀਪੀ ਇਸ ਤਰ੍ਹਾਂ ਬਦਲੇ ਨਹੀਂ ਜਾਂਦੇ।
ਉਨ੍ਹਾਂ ਕਿਹਾ ਕਿ ਇਹ ਇਸੇ ਲਈ ਕੀਤਾ ਗਿਆ ਕਿ ਬਾਦਲਾਂ ਤੇ ਮਜੀਠੀਆ ਨੂੰ ਫੜ ਕੇ ਅੰਦਰ ਕਰ ਦੇਈਏ। ਪਹਿਲਾਂ ਵਾਲੇ ਡੀਜੀਪੀ ਤਾਂ ਮੰਨੇ ਨਹੀਂ ਤਾਂ ਹੁਣ ਇਹ ਨਵਾਂ ਡੀਜੀਪੀ ਲਾਇਆ ਹੈ। ਉਨ੍ਹਾਂ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ‘ਤੁਸੀਂ ਕਾਹਨੂੰ ਔਖੇ ਹੁੰਦੇ ਹੋ ਮੈਨੂੰ ਹੀ ਲੈ ਜਾਓ।’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਹੈ। ਜੇ ਕੋਈ ਸਰਕਾਰ ਅਜਿਹੀ ਨੀਤੀ ਅਪਣਾਉਂਦੀ ਹੈ ਤਾਂ ਉਸ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਹ ਸਰਕਾਰ ਹਰ ਤਰ੍ਹਾਂ ਤੋਂ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ‘ਤੇ ਅਜਿਹੇ ਸੈਂਕੜੇ ਮੁਕੱਦਮੇ ਕੀਤੇ ਹਨ, ਇਥੋਂ ਤੱਕ ਕਿ ਮੇਰੀ ਪਤਨੀ ‘ਤੇ ਵੀ ਮੁਕੱਦਮਾ ਕੀਤਾ ਗਿਆ।
ਇਸ ਬੇਇਨਸਾਫ਼ੀ ਵਿਰੁੱਧ ਜੋ ਵੀ ਲੜਾਈ ਲੜਨੀ ਪਵੇਗੀ ਅਸੀਂ ਲੜਨ ਲਈ ਤਿਆਰ ਹਾਂ।” ਬਾਦਲ ਨੇ ਕਿਹਾ ਕਿ ਜਦੋਂ ਕੋਈ ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਉਹ ਸਾਂਝਾ ਹੁੰਦਾ ਹੈ, ਉਸ ਨੂੰ ਬਦਲਾਖੋਰੀ ਨਹੀਂ ਕਰਨਾ ਚਾਹੀਦੀ। ਉਨ੍ਹਾਂ ਕਿਹਾ ਕਿ ਵਹਿਗੁਰੂ ਉਨ੍ਹਾਂ ਦਾ ਭਲਾ ਕਰੇ।