ਪੈਰਿਸ ‘ਚ ਆਈਫਲ ਟਾਵਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਆਈਫਲ ਟਾਵਰ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਆਈਫਲ ਟਾਵਰ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਬੰਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ਨੀਵਾਰ ਦੁਪਹਿਰ ਨੂੰ ਇਹ ਖਬਰ ਆਈ ਸੀ ਕਿ ਪੈਰਿਸ ਦੇ ਆਈਫਲ ਟਾਵਰ ਨੂੰ ਕੁੱਝ ਘੰਟਿਆਂ ਵਿੱਚ ਬੰਬ ਨਾਲ ਉਡਾ ਦਿੱਤਾ ਜਾਵੇਗਾ। ਸੂਚਨਾ ਤੋਂ ਬਾਅਦ ਆਈਫਲ ਟਾਵਰ ਦੀਆਂ ਤਿੰਨ ਮੰਜ਼ਿਲਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ। ਬੰਬ ਨਿਰੋਧਕ ਮਾਹਿਰਾਂ ਦੇ ਨਾਲ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਇੱਕ ਰੈਸਟੋਰੈਂਟ ਵਿੱਚ ਲੁਕਾਇਆ ਗਿਆ ਸੀ। ਇਸ ਤੋਂ ਬਾਅਦ ਸਾਰੇ ਲੋਕਾਂ ਨੂੰ ਟਾਵਰ ਛੱਡਣ ਲਈ ਕਿਹਾ ਗਿਆ ਹੈ। ਰੈਸਟੋਰੈਂਟ ਸਮੇਤ ਪੂਰੇ ਟਾਵਰ ਦੀ ਤਲਾਸ਼ੀ ਲਈ ਜਾ ਰਹੀ ਹੈ। ਅਜੇ ਤੱਕ ਕਿਸੇ ਤਰ੍ਹਾਂ ਦਾ ਬੰਬ ਮਿਲਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ।
ਇਸ ਘਟਨਾ ਬਾਰੇ ਇਕ ਬੁਲਾਰੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ਼ਨੀਵਾਰ ਦੁਪਹਿਰ ਕਰੀਬ 1.30 ਵਜੇ ਆਈਫਲ ਟਾਵਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ, ਸੈਲਾਨੀਆਂ ਨੂੰ ਸਮਾਰਕ ਦੇ ਹੇਠਾਂ ਸਾਰੀਆਂ ਤਿੰਨ ਮੰਜ਼ਿਲਾਂ ਅਤੇ ਚੌਕ ਖਾਲੀ ਕਰਨ ਲਈ ਕਿਹਾ ਗਿਆ ਸੀ। ਆਈਫਲ ਟਾਵਰ ਦੇ ਦੱਖਣੀ ਖੰਭੇ ‘ਤੇ ਪੁਲਿਸ ਸਟੇਸ਼ਨ ਹੈ। ਅਜਿਹੇ ‘ਚ ਜੇਕਰ ਕਿਸੇ ਨੂੰ ਆਈਫਲ ਟਾਵਰ ‘ਤੇ ਜਾਣਾ ਪੈਂਦਾ ਹੈ ਤਾਂ ਉਸ ਨੂੰ ਸਖਤ ਸੁਰੱਖਿਆ ਨਿਗਰਾਨੀ ‘ਚੋਂ ਲੰਘਣਾ ਪੈਂਦਾ ਹੈ। ਥਾਣਾ ਹੋਣ ਕਾਰਨ ਇੱਥੇ ਹਰ ਸਮੇਂ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਰਹਿੰਦੀ ਹੈ। ਜਾਂਚ ਦੌਰਾਨ ਸੈਲਾਨੀਆਂ ਨੂੰ ਵੀਡੀਓ ਨਿਗਰਾਨੀ ‘ਚੋਂ ਲੰਘਣਾ ਪੈਂਦਾ ਹੈ। ਇਸ ਕਾਰਨ ਸੈਲਾਨੀ ਕੋਲ ਮੌਜੂਦ ਕੀ-ਕੀ ਹੈ, ਇਸ ਦੀ ਜਾਣਕਾਰੀ ਮਿਲਦੀ ਹੈ।