ਜੇਕਰ ਤੁਸੀ ਨਿਊਜ਼ੀਲੈਂਡ ਰਹਿੰਦੇ ਹੋ ਅਤੇ ਆਪਣੇ ਮਾਪਿਆਂ ਨੂੰ ਵੀ ਆਪਣੇ ਕੋਲ ਸੱਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ, ਕਿਉਂਕ ਅਕਤੂਬਰ ਮਹੀਨੇ ‘ਚ ਸਰਕਾਰ ਵੱਲੋਂ ਕੀਤੇ ਗਏ ਐਲਾਨ ਦੇ ਅਨੁਸਾਰ 14 ਨਵੰਬਰ ਤੋਂ ਯਾਨੀ ਕਿ ਅੱਜ ਤੋਂ ਨਿਊਜ਼ੀਲੈਂਡ `ਚ ਪਿਛਲੇ ਲੰਬੇ ਤੋਂ ਬੰਦ ਪਈ ਪੇਰੈਂਟ ਕੈਟਾਗਿਰੀ ਤਹਿਤ ਵੀਜ਼ੇ ਜਾਰੀ ਕਰ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਨਵੇਂ ਬਦਲਾਅ ਹੋਣ ਮਗਰੋਂ ਹੁਣ ਹੁਨਰਮੰਦ ਪ੍ਰਵਾਸੀ ਅਤੇ ਉਨ੍ਹਾਂ ਦੇ ਮਾਪੇ ਪਿਛਲੇ ਮਹੀਨੇ ਐਲਾਨੀਆਂ ਗਈਆਂ ਯੋਜਨਾਵਾਂ ਦੇ ਤਹਿਤ ਇੱਕ ਵਾਰ ਫਿਰ ਰਿਹਾਇਸ਼ ਲਈ ਅਰਜ਼ੀਆਂ ਦੇ ਸਕਣਗੇ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਪੁਆਇੰਟ-ਆਧਾਰਿਤ ਪ੍ਰਣਾਲੀ ਦੇ ਤਹਿਤ ਕਿਸੇ ਨੂੰ ਵੀ ਬਿਨੈ ਕਰਨ ਲਈ ਸੱਦਾ ਨਹੀਂ ਦਿੱਤਾ ਗਿਆ ਸੀ ਅਤੇ 2016 ਤੋਂ ਮਾਤਾ-ਪਿਤਾ ਰੈਜੀਡੈਂਸੀ ਵਰਗ ਨੇ ਵੀ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਸਨ।
ਪਰ ਹੁਣ ਇਸ ਫੈਸਲੇ ਨਾਲ ਹਜ਼ਾਰਾਂ ਮਾਈਗਰੈਂਟਸ ਨੂੰ ਸੁਖ ਦਾ ਸਾਹ ਆਵੇਗਾ, ਜਿਨ੍ਹਾਂ ਦੇ ਮਾਪਿਆਂ ਦੇ ਵੀਜ਼ੇ ਦਾ ਮਾਮਲਾ ਲਟਕਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਕਿਹਾ ਕਿ ਉਹ ਮਾਈਗਰੈਂਟਸ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਲਈ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਮਾਈਗਰੈਂਟਸ ਦੇ ਮਾਪੇ ਵੀ ਨਿਊਜ਼ੀਲੈਂਡ `ਚ ਪੱਕੇ ਤੌਰ ‘ਤੇ ਰਹਿਣ ਦੇ ਯੋਗ ਹੋਣ। ਫਿਲਹਾਲ 12 ਅਕਤੂਬਰ ਤੋਂ ਪਹਿਲਾਂ ਪ੍ਰਾਪਤ ਹੋਈਆਂ ਅਰਜ਼ੀਆਂ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।