ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 22 ਤੋਂ ਵੀ ਜਿਆਦਾ ਹੋ ਗਈ ਹੈ। ਪਰ ਹਰਵਿੰਦਰ ਸਿੰਘ ਨੇ ਪੁਰਸ਼ਾਂ ਦੀ ਰਿਕਰਵ ਤੀਰਅੰਦਾਜ਼ੀ ਵਿੱਚ ਖੇਡਾਂ ਦਾ 22ਵਾਂ ਤਮਗਾ ਜਿੱਤ ਇਤਿਹਾਸ ਰਚਿਆ ਹੈ। ਇਸ ਵਾਰ ਹਰਵਿੰਦਰ ਸਿੰਘ ਨੇ ਗੋਲਡ ਮੈਡਲ ਨੂੰ ਨਿਸ਼ਾਨਾ ਬਣਾਇਆ ਹੈ। ਪੈਰਾਲੰਪਿਕ ‘ਚ ਇਹ ਹਰਵਿੰਦਰ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਹਰਵਿੰਦਰ ਨੇ 2020 ਪੈਰਾਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਵਾਰ ਹਰਵਿੰਦਰ ਦਾ ਸਫਰ ਕਾਫੀ ਯਾਦਗਾਰ ਰਿਹਾ। ਹਰਵਿੰਦਰ ਨੇ ਅਜਿਹਾ ਕਾਰਨਾਮਾ ਕੀਤਾ ਹੈ ਜੋ ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਤੀਰਅੰਦਾਜ਼ ਨਹੀਂ ਕਰ ਸਕਿਆ ਸੀ।
ਹਰਵਿੰਦਰ ਸਿੰਘ ਦੀ ਕਹਾਣੀ ਇਸ ਲਈ ਵੀ ਪ੍ਰੇਰਨਾਦਾਇਕ ਹੈ ਕਿਉਂਕਿ ਪੈਰਾਲੰਪਿਕ 2024 ਵਿਚ ਸੋਨ ਤਮਗਾ ਜਿੱਤਣ ਤੋਂ 20 ਦਿਨ ਪਹਿਲਾਂ ਹਰਵਿੰਦਰ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ‘ਚ ਸੋਨ ਤਗਮਾ ਜਿੱਤਣ ਤੋਂ ਬਾਅਦ ਭਾਵੁਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ 20 ਦਿਨ ਪਹਿਲਾਂ ਆਪਣੀ ਮਾਂ ਨੂੰ ਗੁਆ ਦਿੱਤਾ ਸੀ। ਇਸ ਲਈ ਮੈਂ ਮਾਨਸਿਕ ਤੌਰ ‘ਤੇ ਦਬਾਅ ਮਹਿਸੂਸ ਕਰ ਰਿਹਾ ਸੀ। ਮੈਂ ਆਪਣੀ ਮਾਂ ਸਮੇਤ ਜ਼ਿੰਦਗੀ ਵਿੱਚ ਬਹੁਤ ਕੁਝ ਗੁਆਇਆ ਹੈ। ਇਸ ਲਈ ਮੈਨੂੰ ਇਹ ਸੋਨ ਤਗਮਾ ਮਿਹਨਤ ਅਤੇ ਮਾਂ ਦੇ ਆਸ਼ੀਰਵਾਦ ਨਾਲ ਮਿਲਿਆ ਹੈ।