ਹਰਿਆਣਾ ਦੇ ਕੁਰੂਕਸ਼ੇਤਰ ਤੋਂ ਭਾਜਪਾ ਸਾਂਸਦ ਨਵੀਨ ਜਿੰਦਲ ਦੀ ਪਤਨੀ ਸ਼ਾਲੂ ਜਿੰਦਲ ਦੀ ਭਤੀਜੀ ਅਤੇ ਪੰਜਾਬ ਦੇ ਓਸਵਾਲ ਗਰੁੱਪ ਦੇ ਮਾਲਕ ਪੰਕਜ ਓਸਵਾਲ ਦੀ ਬੇਟੀ ਵਸੁੰਧਰਾ 3 ਅਕਤੂਬਰ ਤੋਂ ਯੂਗਾਂਡਾ ਦੀ ਜੇਲ੍ਹ ਵਿੱਚ ਬੰਦ ਹੈ। ਵਸੁੰਧਰਾ ‘ਤੇ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਹੈ। ਪੰਕਜ ਓਸਵਾਲ ਪਿਛਲੇ 17 ਦਿਨਾਂ ਤੋਂ ਆਪਣੀ ਬੇਟੀ ਦੀ ਭਾਲ ਕਰ ਰਹੇ ਸੀ। ਪਰਿਵਾਰ ਦਾ ਦੋਸ਼ ਸੀ ਕਿ ਬੇਟੀ ਨੂੰ ਗੈਰ-ਕਾਨੂੰਨੀ ਹਿਰਾਸਤ ‘ਚ ਰੱਖਿਆ ਜਾ ਰਿਹਾ ਹੈ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਪੰਕਜ ਨੇ ਭਾਰਤ ਸਰਕਾਰ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਤੋਂ ਵੀ ਮਦਦ ਮੰਗੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਗਾਂਡਾ ਸਰਕਾਰ ਨੇ ਵਸੁੰਧਰਾ ਨੂੰ ਕਾਨੂੰਨੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਵਸੁੰਧਰਾ ਮੰਗਲਵਾਰ (22 ਅਕਤੂਬਰ) ਤੱਕ ਜੇਲ੍ਹ ਤੋਂ ਬਾਹਰ ਆ ਸਕਦੀ ਹੈ।
ਯੁਗਾਂਡਾ ‘ਚ ਰਹਿਣ ਵਾਲੇ ਭਾਰਤੀਆਂ ਨੂੰ ਜਦੋਂ ਵਸੁੰਧਰਾ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਅਤੇ ਮੀਡੀਆ ਰਿਪੋਰਟਾਂ ਤੋਂ ਗੈਰ-ਕਾਨੂੰਨੀ ਹਿਰਾਸਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਰਕਾਰ ਤੋਂ ਵਸੁੰਧਰਾ ਬਾਰੇ ਵੇਰਵੇ ਮੰਗੇ। ਜਿਸ ਤੋਂ ਬਾਅਦ ਯੁਗਾਂਡਾ ਸਰਕਾਰ ਨੇ ਭਾਰਤ ਸਰਕਾਰ ਨੂੰ ਦੱਸਿਆ ਕਿ ਵਸੁੰਧਰਾ ਯੁਗਾਂਡਾ ਦੇ ਕਪਾਲਾ ਸ਼ਹਿਰ ਦੀ ਨਾਕਾਸੋਂਗੋਲਾ ਜੇਲ੍ਹ ਵਿੱਚ ਬੰਦ ਹੈ।
ਤਨਜ਼ਾਨੀਆ ਸਰਕਾਰ ਨੇ ਵਸੁੰਧਰਾ ਖਿਲਾਫ ਇਹ ਕਾਰਵਾਈ ਕੀਤੀ ਹੈ। ਯੁਗਾਂਡਾ ਸਰਕਾਰ ਨੇ ਵੀ ਭਾਰਤ ਸਰਕਾਰ ਨੂੰ ਸਪੱਸ਼ਟੀਕਰਨ ਦਿੱਤਾ ਕਿ ਵਸੁੰਧਰਾ ਨੂੰ ਉਥੋਂ ਦੀ ਸਰਕਾਰ ਜਾਂ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਰੱਖਿਆ ਗਿਆ ਸੀ। ਵਸੁੰਧਰਾ ਨੂੰ ਪਹਿਲਾਂ ਪੁੱਛਗਿੱਛ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਹੈ। ਸਾਰੀ ਕਾਰਵਾਈ ਕਾਨੂੰਨੀ ਤੌਰ ‘ਤੇ ਕੀਤੀ ਗਈ ਹੈ।