ਪਕਿਸਤਾਨ ਦੇ ਕਰਤਾਰਪੁਰ ‘ਚ ਸਥਿੱਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਔਰਤਾਂ ਦੇ ਕੱਪੜਿਆਂ ਦੇ ਇਸ਼ਤਿਹਾਰ ਲਈ ਇੱਕ ਇੱਕ ਪਾਕਿਸਤਾਨੀ ਮਾਡਲ ਵੱਲੋਂ ‘ਨੰਗੇ ਸਿਰ’ ਫੋਟੋਸ਼ੂਟ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਹੁਣ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ। ਮਹਿਲਾ ਮਾਡਲ ਵੱਲੋਂ ਔਰਤਾਂ ਦੇ ਪਹਿਰਾਵੇ ਵਿੱਚ ਨੰਗੇ ਸਿਰ ਮਾਡਲਿੰਗ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਕਾਰਨ ਹੁਣ ਸੋਸ਼ਲ ਮੀਡੀਆ ‘ਤੇ ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮਹਿਲਾ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਤਸਵੀਰਾਂ ਵਿੱਚ ਔਰਤ ਲਾਲ ਰੰਗ ਦਾ ਸੂਟ ਪਾ ਕੇ ਬਿਨਾਂ ਸਿਰ ਢੱਕੇ ਕੈਮਰੇ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਪਿੱਛੇ ਗੁਰਦੁਆਰਾ ਦਰਬਾਰ ਸਾਹਿਬ ਨਜ਼ਰ ਆ ਰਿਹਾ ਹੈ। ਪਾਕਿਸਤਾਨ ‘ਚ ‘ਮੰਨਤ’ ਨਾਂ ਦਾ ਰੈਡੀ-ਟੂ-ਵੇਅਰ ਔਰਤਾਂ ਦਾ ਆਨਲਾਈਨ ਕੱਪੜਿਆਂ ਦਾ ਸਟੋਰ ਚਲਾਉਣ ਵਾਲੀ ਔਰਤ ਨੇ ਹਾਲ ਹੀ ‘ਚ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ‘ਚ ਇੱਕ ਫੋਟੋਸ਼ੂਟ ਕਰਵਾਇਆ ਹੈ, ਜਿਸ ‘ਚ ਮਾਡਲ ਨੰਗੇ ਸਿਰ ਨਜ਼ਰ ਆ ਰਹੀ ਹੈ। ਆਨਲਾਈਨ ਸਟੋਰ ਦੇ ਮਾਲਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਨੰਗੇ ਸਿਰ ਵਾਲੀ ਮਾਡਲ ਦੀਆਂ ਕਈ ‘ਬਹੁਤ ਜ਼ਿਆਦਾ ਇਤਰਾਜ਼ਯੋਗ’ ਤਸਵੀਰਾਂ ਵੀ ਪੋਸਟ ਕੀਤੀਆਂ ਹਨ।