ਬਲੋਚ ਆਰਮੀ ਨੇ ਪਾਕਿਸਤਾਨ ਵਿੱਚ ਟਰੇਨ ਨੂੰ ਹਾਈਜੈਕ ਕਰ ਲਿਆ ਹੈ। ਹਾਈਜੈਕ ਕਾਰਨ 120 ਲੋਕ ਅੱਤਵਾਦੀਆਂ ਦੀ ਕੈਦ ‘ਚ ਫਸੇ ਹੋਏ ਹਨ। ਹਾਈਜੈਕਰ ਨੂੰ ਛੁਡਾਉਣ ਗਏ ਪਾਕਿਸਤਾਨੀ ਫੌਜ ਦੇ 6 ਜਵਾਨ ਮੁਕਾਬਲੇ ‘ਚ ਮਾਰੇ ਗਏ ਹਨ। ਰਿਪੋਰਟ ਮੁਤਾਬਿਕ ਬਲੋਚਿਸਤਾਨ ਆਰਮੀ ਦੇ ਅੱਤਵਾਦੀਆਂ ਨੇ ਬੋਲਾਨ ‘ਚ ਜ਼ਫਰ ਐਕਸਪ੍ਰੈੱਸ ਨੂੰ ਹਾਈਜੈਕ ਕਰ ਲਿਆ। ਇਸ ਟਰੇਨ ‘ਚ ਕਰੀਬ 120 ਲੋਕ ਸਵਾਰ ਹਨ, ਜਿਨ੍ਹਾਂ ਨੂੰ ਅੱਤਵਾਦੀਆਂ ਨੇ ਬੰਧਕ ਬਣਾ ਲਿਆ ਹੈ। ਪਾਕਿਸਤਾਨੀ ਫੌਜ ਨੇ ਟਰੇਨ ਨੂੰ ਹਾਈਜੈਕਰਾਂ ਤੋਂ ਮੁਕਤ ਕਰਵਾਉਣ ਲਈ ਮੋਰਚਾ ਸਾਂਭ ਲਿਆ ਹੈ।
ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਟਰੇਨ ਨੂੰ ਮਸ਼ਕਫ, ਧਾਦਰ ਅਤੇ ਬੋਲਾਨ ਵਿਚ ਸਮਝਦਾਰੀ ਨਾਲ ਹਾਈਜੈਕ ਕੀਤਾ ਗਿਆ ਹੈ। ਸਾਡੇ ਲੜਾਕਿਆਂ ਨੇ ਪਹਿਲਾਂ ਰੇਲ ਪਟੜੀ ਨੂੰ ਬੰਬਾਂ ਨਾਲ ਉਡਾ ਦਿੱਤਾ, ਜਿਸ ਤੋਂ ਬਾਅਦ ਰੇਲਗੱਡੀ ਆਸਾਨੀ ਨਾਲ ਰੁਕ ਗਈ। ਬੀ.ਐਲ.ਏ ਦਾ ਕਹਿਣਾ ਹੈ ਕਿ ਜਿਵੇਂ ਹੀ ਟਰੇਨ ਟ੍ਰੈਕ ‘ਤੇ ਰੁਕੀ। ਸਾਡੇ ਲੋਕਾਂ ਨੇ ਰੇਲ ਗੱਡੀ ਨੂੰ ਕਾਬੂ ਕਰ ਲਿਆ। ਅੱਤਵਾਦੀ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਕਾਰਵਾਈ ਕਰਦੀ ਹੈ ਤਾਂ ਸਾਰੇ 120 ਬੰਧਕ ਮਾਰੇ ਜਾਣਗੇ।
ਬੀ.ਐਲ.ਏ. ਨੇ ਪਾਕਿਸਤਾਨੀ ਫੌਜ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਸੰਗਠਨ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ‘ਤੇ ਹਮਲਾ ਹੋਇਆ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪਾਕਿਸਤਾਨੀ ਫੌਜ ‘ਤੇ ਹੋਵੇਗੀ। ਬਲੋਚਿਸਤਾਨ ਵਿਚ ਵੱਖਵਾਦੀ ਸੰਗਠਨ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਖਿਲਾਫ ਲੜ ਰਹੇ ਹਨ। ਇਹ ਇਲਾਕਾ ਕੱਟੜਪੰਥੀ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ, ਜਿੱਥੇ ਪਾਕਿਸਤਾਨ ਸਰਕਾਰ ਵਿਰੁੱਧ ਹਮਲੇ ਲਗਾਤਾਰ ਵਧ ਰਹੇ ਹਨ।