ਆਇਸ਼ਾ ਮਲਿਕ ਨੇ ਸੋਮਵਾਰ ਨੂੰ ਪਾਕਿਸਤਾਨ ‘ਚ ਦੇਸ਼ ਦੀ ਪਹਿਲੀ ਮਹਿਲਾ ਸੁਪਰੀਮ ਕੋਰਟ ਦੀ ਜੱਜ ਵਜੋਂ ਸਹੁੰ ਚੁੱਕੀ ਹੈ। ਪਾਕਿਸਤਾਨ ਵਿੱਚ ਇਸ ਨੂੰ ਇਤਿਹਾਸਕ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਮਲਿਕ ਨੇ ਰਾਜਧਾਨੀ ਇਸਲਾਮਾਬਾਦ ਵਿੱਚ ਇੱਕ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਅਹੁਦੇ ਦੀ ਸਹੁੰ ਚੁੱਕੀ। ਉਹ ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ 16 ਪੁਰਸ਼ ਸਾਥੀਆਂ ਦੇ ਬੈਂਚ ਵਿੱਚ ਸ਼ਾਮਿਲ ਹੋ ਗਈ ਹੈ। ਆਇਸ਼ਾ ਮਲਿਕ ਨੇ ਹਾਰਵਰਡ ਯੂਨੀਵਰਸਿਟੀ ਤੋਂ ਆਪਣੀ ਸਿੱਖਿਆ ਪੂਰੀ ਕੀਤੀ ਹੈ। ਉਹ ਪਿਛਲੇ ਦੋ ਦਹਾਕਿਆਂ ਤੋਂ ਲਾਹੌਰ, ਪਾਕਿਸਤਾਨ ਵਿੱਚ ਹਾਈ ਕੋਰਟ ਦੀ ਜੱਜ ਵਜੋਂ ਸੇਵਾ ਨਿਭਾ ਰਹੀ ਸੀ। ਮਲਿਕ ਨੂੰ ਪੰਜਾਬ ਸੂਬੇ ਵਿੱਚ ਪੁਰਖੀ ਕਾਨੂੰਨੀ ਰੀਤੀ ਰਿਵਾਜਾਂ ਨੂੰ ਬਦਲਣ ਦਾ ਸਿਹਰਾ ਜਾਂਦਾ ਹੈ।
ਪਿਛਲੇ ਸਾਲ, ਆਇਸ਼ਾ ਨੇ ਜ਼ਬਰ ਜਨਾਹ ਪੀੜਤਾਂ ਦੀ ਇੱਕ ਵਿਵਾਦਪੂਰਨ ਡਾਕਟਰੀ ਜਾਂਚ ਰੱਦ ਕਰ ਦਿੱਤੀ ਸੀ। ਇਸ ਦੇ ਲਈ ਉਨ੍ਹਾਂ ਦੀ ਦੁਨੀਆ ਭਰ ‘ਚ ਤਾਰੀਫ ਹੋਈ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਜਸਟਿਸ ਆਇਸ਼ਾ ਮਲਿਕ ਨੂੰ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣਨ ‘ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।”