ਇਮਰਾਨ ਖ਼ਾਨ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਵੀ ਪਾਕਿਸਤਾਨ ਦਾ ਸਿਆਸੀ ਸੰਕਟ ਦੂਰ ਨਹੀਂ ਹੋਇਆ ਹੈ। ਨੈਸ਼ਨਲ ਅਸੈਂਬਲੀ ‘ਚ ਭਾਵੇਂ ਸਭ ਕੁੱਝ ਠੀਕ ਚੱਲ ਰਿਹਾ ਹੈ ਪਰ ਪਾਕਿਸਤਾਨ ਦੀ ਪੰਜਾਬ ਅਸੈਂਬਲੀ ‘ਚ ਸਥਿਤੀ ਬਹੁਤ ਖਰਾਬ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਹੋਈ ਲੜਾਈ ਵਿੱਚ ਸਪੀਕਰ ਦਾ ਹੱਥ ਟੁੱਟ ਗਿਆ ਹੈ। ਹਮਲੇ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਦੇ 3 ਵਿਧਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਰਿਪੋਰਟ ਮੁਤਾਬਿਕ ਪਾਕਿਸਤਾਨ ਦੀ ਪੰਜਾਬ ਅਸੈਂਬਲੀ ਵਿੱਚ ਹਾਲ ਹੀ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਹੋਣੀ ਸੀ। ਵੋਟਿੰਗ ਦੌਰਾਨ ਹੀ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਅਤੇ ਪਾਕਿਸਤਾਨ ਮੁਸਲਿਮ ਲੀਗ (ਕਿਊ) ਦੇ ਵਿਧਾਇਕਾਂ ਵਿਚਾਲੇ ਕਾਫੀ ਲੜਾਈ ਹੋਈ। ਲੜਾਈ ਵਿੱਚ ਪਾਕਿਸਤਾਨ ਮੁਸਲਿਮ ਲੀਗ-ਕਿਊ ਦੇ ਮੁਖੀ ਅਤੇ ਪੰਜਾਬ ਅਸੈਂਬਲੀ ਦੇ ਸਪੀਕਰ ਚੌਧਰੀ ਪਰਵੇਜ਼ ਇਲਾਹੀ ਦੇ ਹੱਥ ਵਿੱਚ ਫਰੈਕਚਰ ਹੋ ਗਿਆ। ਇਸ ਤੋਂ ਬਾਅਦ ਪੀਟੀਆਈ ਦੇ ਵਿਧਾਇਕ ਨੇ ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ ‘ਤੇ ਵੀ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਪੀਟੀਆਈ ਦੇ ਤਿੰਨ ਵਿਧਾਇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹੁਣ ਤੱਕ ਪੰਜਾਬ ਵਿੱਚ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਸੱਤਾ ਵਿੱਚ ਸੀ। ਨੈਸ਼ਨਲ ਅਸੈਂਬਲੀ ਤੋਂ ਬਾਅਦ ਇੱਥੇ ਵਿਰੋਧੀ ਧਿਰ ਨੇ ਵੀ ਬੇਭਰੋਸਗੀ ਮਤਾ ਲਿਆਂਦਾ। ਇਸ ਤੋਂ ਬਾਅਦ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਇਮਰਾਨ ਖਾਨ ਨੇ ਸਰਕਾਰ ‘ਚ ਸ਼ਾਮਿਲ ਬਾਗੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਕਿਊ ਦੇ ਚੌਧਰੀ ਪਰਵੇਜ਼ ਇਲਾਹੀ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ, ਪਰ ਪਾਕਿਸਤਾਨ ਮੁਸਲਿਮ ਲੀਗ-ਕਿਊ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਉਦੋਂ ਤੋਂ ਹੀ ਨਵੇਂ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਡੈੱਡਲਾਕ ਬਣਿਆ ਹੋਇਆ ਹੈ।