ਪਾਕਿਸਤਾਨ ‘ਚ ਸਿਆਸੀ ਉਥਲ-ਪੁਥਲ ਲਗਾਤਾਰ ਜਾਰੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਦੀ ਸਰਕਾਰ ਡਿੱਗ ਸਕਦੀ ਹੈ। ਦੇਸ਼ ‘ਚ ਚੱਲ ਰਹੇ ਸਿਆਸੀ ਸੰਕਟ ਦੇ ਵਿਚਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬੁੱਧਵਾਰ ਨੂੰ ਦੇਸ਼ ਨੂੰ ਸੰਬੋਧਨ ਕਰ ਸਕਦੇ ਹਨ। ਵਿਰੋਧੀ ਧਿਰ ਨੇ ਉਨ੍ਹਾਂ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਹੈ, ਜਿਸ ‘ਤੇ 3 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਕਿ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ, ਜਿਸ ਤੋਂ ਬਾਅਦ ਪਾਕਿ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ।
ਪਾਕਿਸਤਾਨ ਦੀ ਇਮਰਾਨ ਸਰਕਾਰ ਦਾ ਸਾਥ ਛੱਡਣ ਜਾ ਰਹੇ ਐਮਕਿਊਐਮ ਦੇ ਮੈਂਬਰ ਅਤੇ ਕਾਨੂੰਨ ਮੰਤਰੀ ਫਾਰੂਗ ਨਸੀਮ ਅਤੇ ਆਈਟੀ ਮੰਤਰੀ ਅਮੀਨ-ਉਲ-ਹੱਕ ਨੇ ਵੀ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਕਿਹਾ ਹੈ ਕਿ ਇਮਰਾਨ ਖਾਨ ਅਸਤੀਫਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਆਖਰੀ ਗੇਂਦ ਤੱਕ ਖੇਡਣ ਵਾਲੇ ਖਿਡਾਰੀ ਹਨ। ਅਸਤੀਫਾ ਨਹੀਂ ਦੇਵਾਂਗੇ। ਮੈਦਾਨ ਲੱਗੇਗਾ, ਦੋਸਤ ਵੀ ਦੇਖਣਗੇ ਤੇ ਦੁਸ਼ਮਣ ਵੀ ਦੇਖਣਗੇ।