[gtranslate]

ਪਾਕਿਸਤਾਨ ਪੰਜਾਬ ਦੀ ਵਿਧਾਨ ਸਭਾ ਬਣੀ ਜੰਗ ਦਾ ਅਖਾੜਾ, PTI ਆਗੂਆਂ ‘ਤੇ ਡਿਪਟੀ ਸਪੀਕਰ ਨੂੰ ਥੱਪੜ ਮਾਰਨ ਦੇ ਲੱਗੇ ਦੋਸ਼

pakistan huge uproar punjab assembly

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ਸ਼ਨੀਵਾਰ ਨੂੰ ਉਸ ਸਮੇਂ ਜੰਗ ਦਾ ਅਖਾੜਾ ਬਣ ਗਈ ਜਦੋਂ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਨੇਤਾਵਾਂ ਨੇ ਡਿਪਟੀ ਸਪੀਕਰ ‘ਤੇ ਹਮਲਾ ਕਰ ਦਿੱਤਾ। ਪੀਟੀਆਈ ਆਗੂਆਂ ਦੇ ਹਮਲੇ ਵਿੱਚ ਡਿਪਟੀ ਸਪੀਕਰ ਦੋਸਤ ਮੁਹੰਮਦ ਮਾਜਰੀ ਨੂੰ ਸੱਟਾਂ ਲੱਗੀਆਂ ਹਨ। ਫਿਲਹਾਲ, ਉਨ੍ਹਾਂ ਨੂੰ ਲੱਗੀਆਂ ਸੱਟਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੀਟੀਆਈ ਵਿਧਾਇਕਾਂ ਨੇ ਡਿਪਟੀ ਸਪੀਕਰ ਨੂੰ ਥੱਪੜ ਮਾਰਿਆ ਅਤੇ ਉਨ੍ਹਾਂ ਦੇ ਵਾਲ ਖਿੱਚੇ।

ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਜਦੋਂ ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ ਸਦਨ ਦੀ ਪ੍ਰਧਾਨਗੀ ਕਰਨ ਆਏ ਤਾਂ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਵਿਧਾਇਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਿਕ ਪੀਟੀਆਈ ਦੇ ਵਿਧਾਇਕਾਂ ਨੇ ਉਨ੍ਹਾਂ ‘ਤੇ ਲੋਟਾ ਸੁੱਟਿਆ। ਇਸ ਦੌਰਾਨ ਸੁਰੱਖਿਆ ਗਾਰਡ ਵੀ ਮੌਜੂਦ ਸਨ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਵੇਰੇ 11.30 ਵਜੇ ਸ਼ੁਰੂ ਹੋਣਾ ਸੀ ਪਰ ਪੀਟੀਆਈ ਦੇ ਮੈਂਬਰਾਂ ਦੀ ਗੈਰਹਾਜ਼ਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਪੀਟੀਆਈ ਦੇ ਵਿਧਾਇਕ ਆਪਣੇ ਨਾਲ ਲੋਟਾ ਲੈ ਕੇ ਆਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਉਨ੍ਹਾਂ ਨੇਤਾਵਾਂ ‘ਤੇ ਵਿਅੰਗ ਸੀ, ਜਿਨ੍ਹਾਂ ਨੇ ਇਮਰਾਨ ਖਾਨ ਦੀ ਪਾਰਟੀ ਛੱਡ ਕੇ ਵਿਰੋਧੀ ਧਿਰ ਦਾ ਸਮਰਥਨ ਕੀਤਾ ਸੀ।

ਲਾਹੌਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਲਈ ਚੋਣ ਕਰਵਾਉਣ ਲਈ ਸੈਸ਼ਨ ਬੁਲਾਇਆ ਗਿਆ ਸੀ। ਮੁਕਾਬਲਾ ਹਮਜ਼ਾ ਸ਼ਾਹਬਾਜ਼ ਅਤੇ ਚੌਧਰੀ ਪਰਵੇਜ਼ ਇਲਾਹੀ ਵਿਚਕਾਰ ਹੋਣਾ ਸੀ। ਜਿਸ ਇਜਲਾਸ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਹੋਣੀ ਸੀ, ਉਸ ਦੀ ਪ੍ਰਧਾਨਗੀ ਦੋਸਤ ਮੁਹੰਮਦ ਮਾਜਰੀ ਕਰ ਰਹੇ ਸੀ। ਮੰਨਿਆ ਜਾ ਰਿਹਾ ਸੀ ਕਿ ਹਮਜ਼ਾ ਸ਼ਾਹਬਾਜ਼ ਅਤੇ ਪਰਵੇਜ਼ ਇਲਾਹੀ ਵਿਚਾਲੇ ਸਖਤ ਮੁਕਾਬਲਾ ਹੋਵੇਗਾ। ਹਮਜ਼ਾ ਪੀਐਮਐਲ-ਐਨ ਅਤੇ ਹੋਰ ਪਾਰਟੀਆਂ ਦੇ ਉਮੀਦਵਾਰ ਹਨ। ਜਦਕਿ ਇਮਰਾਨ ਦੀ ਪਾਰਟੀ ਪੀਟੀਆਈ ਪੀਐਮਐਲ-ਕਿਊ ਦੇ ਇਲਾਹੀ ਦਾ ਸਮਰਥਨ ਕਰ ਰਹੀ ਹੈ।

ਸ਼ਨੀਵਾਰ ਦਾ ਸੈਸ਼ਨ ਲਾਹੌਰ ਹਾਈ ਕੋਰਟ ਦੇ ਬੁੱਧਵਾਰ ਦੇ ਹੁਕਮਾਂ ਮੁਤਾਬਿਕ ਹੋ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ ਛੇਤੀ ਚੋਣਾਂ ਅਤੇ ਡਿਪਟੀ ਸਪੀਕਰ ਦੀਆਂ ਸ਼ਕਤੀਆਂ ਬਹਾਲ ਕਰਨ ਲਈ ਹਮਜ਼ਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਡਿਪਟੀ ਸਪੀਕਰ ਦੀਆਂ ਸ਼ਕਤੀਆਂ ਪਿਛਲੇ ਹਫ਼ਤੇ ਵਾਪਿਸ ਲੈ ਲਈਆਂ ਗਈਆਂ ਸਨ। ਅਦਾਲਤ ਨੇ ਉਨ੍ਹਾਂ ਨੂੰ 16 ਅਪ੍ਰੈਲ ਨੂੰ ਚੋਣਾਂ ਕਰਵਾਉਣ ਲਈ ਕਿਹਾ ਸੀ।

Leave a Reply

Your email address will not be published. Required fields are marked *