ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸਥਿਤ ਪਾਕਿਸਤਾਨੀ ਦੂਤਾਵਾਸ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਦੌਰਾਨ ਅੱਤਵਾਦੀਆਂ ਨੇ ਦੂਤਘਰ ‘ਤੇ ਗੋਲੀਬਾਰੀ ਕੀਤੀ ਹੈ। ਇਸ ਹਮਲੇ ਵਿੱਚ ਦੂਤਘਰ ਵਿੱਚ ਮੌਜੂਦ ਪਾਕਿਸਤਾਨ ਦੇ ਰਾਜਦੂਤ ਵਾਲ-ਵਾਲ ਬਚ ਗਏ ਹਨ। ਜਦਕਿ ਉਥੇ ਸੁਰੱਖਿਆ ‘ਚ ਤਾਇਨਾਤ ਅਧਿਕਾਰੀ ਜ਼ਖਮੀ ਹੋ ਗਏ ਹਨ। ਇਸ ਹਮਲੇ ਦੌਰਾਨ ਦੂਤਾਵਾਸ ਅਤੇ ਆਸਪਾਸ ਦੇ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਪਾਕਿਸਤਾਨੀ ਦੂਤਘਰ ‘ਚ ਮੌਜੂਦ ਰਾਜਦੂਤ ਉਬੈਦ ਨਿਜਮਾਨੀ ਨੂੰ ਮਾਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਉਹ ਰਾਜਦੂਤ ਦੀ ਹੱਤਿਆ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਨੇ ਉਸ ਸੁਰੱਖਿਆ ਗਾਰਡ ਨੂੰ ਵੀ ਸਲਾਮ ਕੀਤਾ ਹੈ ਜਿਸ ਨੇ ਰਾਜਦੂਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਫਗਾਨਿਸਤਾਨ ਸਰਕਾਰ ਤੋਂ ਹਮਲੇ ਦੀ ਤੁਰੰਤ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਿਕ ਕਾਬੁਲ ‘ਚ ਜਿਸ ਸਮੇਂ ਇਹ ਅੱਤਵਾਦੀ ਹਮਲਾ ਹੋਇਆ, ਉਸ ਸਮੇਂ ਰਾਜਦੂਤ ਸਮੇਤ ਕਈ ਸੀਨੀਅਰ ਅਧਿਕਾਰੀ ਅੰਦਰ ਮੌਜੂਦ ਸਨ। ਹਮਲੇ ਦੌਰਾਨ ਉੱਥੇ ਮੌਜੂਦ ਉੱਚ ਸੁਰੱਖਿਆ ਅਧਿਕਾਰੀ ਰਾਜਦੂਤ ਉਬੈਦ ਨਿਜਮਾਨੀ ਨੂੰ ਬਚਾਉਣ ਲਈ ਅੱਗੇ ਆਏ। ਇਸ ਦੌਰਾਨ ਉਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਅਧਿਕਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਿਸ ਸਮੇਂ ਪਾਕਿਸਤਾਨੀ ਦੂਤਘਰ ‘ਤੇ ਹਮਲਾ ਹੋਇਆ, ਉਸ ਸਮੇਂ ਰਾਜਦੂਤ ਇਮਾਰਤ ਦੇ ਹੇਠਲੇ ਹਿੱਸੇ ‘ਚ ਘੁੰਮ ਰਹੇ ਸਨ।