ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਲਾਹੌਰ ਜਾ ਰਹੀ ਬੱਸ ‘ਤੇ ਹਮਲਾ ਕਰਕੇ 7 ਲੋਕਾਂ ਦੀ ਹੱਤਿਆ ਕਰ ਦਿੱਤੀ। ਰਾਇਟਰਜ਼ ਮੁਤਾਬਕ ਇਨ੍ਹਾਂ ਹਮਲਾਵਰਾਂ ਨੇ ਰਾਸ਼ਟਰੀ ਰਾਜਮਾਰਗ ‘ਤੇ ਬੈਰੀਕੇਡ ਲਗਾ ਕੇ ਬੱਸ ਨੂੰ ਰੋਕਿਆ। ਇਸ ਤੋਂ ਬਾਅਦ ਸਾਰਿਆਂ ਦੇ ਪਛਾਣ ਪੱਤਰ ਚੈੱਕ ਕੀਤੇ ਗਏ ਅਤੇ ਪੰਜਾਬ ਤੋਂ ਆਏ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਗਈ। ਹਮਲਾਵਰ ਇਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਚੁੱਕ ਕੇ ਨੇੜਲੇ ਪਹਾੜ ‘ਤੇ ਲੈ ਗਏ। ਇਸ ਤੋਂ ਬਾਅਦ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਕ ਯਾਤਰੀ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ 10-12 ਸੀ ਅਤੇ ਉਨ੍ਹਾਂ ਸਾਰਿਆਂ ਕੋਲ ਕਲਾਸ਼ਨੀਕੋਵ ਬੰਦੂਕਾਂ ਸਨ।
ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਹੱਤਿਆਵਾਂ ਦੇ ਪਿੱਛੇ ਦਾ ਮਕਸਦ ਵੀ ਸਪੱਸ਼ਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਪਰ ਹਮਲਾਵਰ ਫਰਾਰ ਹੋ ਗਏ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ – “ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।”
ਪਿਛਲੇ ਸਾਲ ਅਗਸਤ ‘ਚ ਵੀ ਬਲੋਚਿਸਤਾਨ ‘ਚ ਅੱਤਵਾਦੀਆਂ ਨੇ ਪਛਾਣ ਪੱਤਰਾਂ ਦੀ ਜਾਂਚ ਕਰਨ ‘ਤੇ 23 ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ। ਫਿਰ ਬਲੋਚ ਲਿਬਰੇਸ਼ਨ ਆਰਮੀ (BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਬੀਐਲਏ ਦੇ ਅਤਿਵਾਦੀ ਲੰਬੇ ਸਮੇਂ ਤੋਂ ਬਲੋਚਿਸਤਾਨ ਖੇਤਰ ਵਿੱਚ ਸਰਕਾਰ ਖ਼ਿਲਾਫ਼ ਅਪਰੇਸ਼ਨ ਚਲਾ ਰਹੇ ਹਨ।
ਬਲੋਚਿਸਤਾਨ ‘ਚ ਰਹਿਣ ਵਾਲੇ ਜ਼ਿਆਦਾਤਰ ਬਲੋਚ ਲੋਕ ਪਾਕਿਸਤਾਨੀ ਸਰਕਾਰ ਤੋਂ ਨਾਰਾਜ਼ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੇ ਇਲਾਕਿਆਂ ਦੇ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕਰ ਰਹੀ ਹੈ। ਬੀ.ਐਲ.ਏ. ਦਾ ਕਹਿਣਾ ਹੈ ਕਿ ਸਥਾਨਕ ਆਬਾਦੀ ਨੂੰ ਇਹਨਾਂ ਸਾਧਨਾਂ ਤੋਂ ਮੁਨਾਫੇ ਵਿੱਚ ਕੋਈ ਹਿੱਸਾ ਨਹੀਂ ਮਿਲਦਾ।