ਪਾਕਿਸਤਾਨ ਦੇ ਬਲੋਚਿਸਤਾਨ ਦੇ ਮੁਸਾਖੇਲ ਜ਼ਿਲ੍ਹੇ ਵਿੱਚ ਮੌਤ ਦੀ ਖੇਡ ਖੁੱਲ੍ਹੇਆਮ ਖੇਡੀ ਗਈ ਹੈ। ਇੱਥੇ ਕੁਝ ਹਥਿਆਰਬੰਦ ਲੋਕਾਂ ਨੇ ਪਹਿਲਾਂ ਸਵਾਰੀਆਂ ਨੂੰ ਟਰੱਕਾਂ ਅਤੇ ਬੱਸਾਂ ਤੋਂ ਉਤਾਰਿਆ ਅਤੇ ਪਛਾਣ ਕਰਨ ਤੋਂ ਬਾਅਦ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਘੱਟੋ-ਘੱਟ 23 ਲੋਕ ਮਾਰੇ ਗਏ ਹਨ। ਪਾਕਿਸਤਾਨ ਸਰਕਾਰ ਦੀ ਬੁਲਾਰਾ ਅਜ਼ਮਾ ਬੁਖਾਰੀ ਨੇ ਕਿਹਾ ਕਿ ਮੂਸਾਖੇਲ ਹਮਲਾ ਪੰਜਾਬ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਕਰੀਬ ਚਾਰ ਮਹੀਨੇ ਪਹਿਲਾਂ ਵੀ ਅਜਿਹਾ ਹੀ ਹਮਲਾ ਹੋਇਆ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ, ਨੌਂ ਯਾਤਰੀਆਂ ਨੂੰ ਨੋਸ਼ਕੀ ਨੇੜੇ ਇੱਕ ਬੱਸ ਤੋਂ ਉਤਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਦੇ ਸੀਨੀਅਰ ਸੁਪਰਡੈਂਟ ਅਯੂਬ ਖੋਸੋ ਨੇ ਦੱਸਿਆ ਕਿ ਪਾਬੰਦੀਸ਼ੁਦਾ ਸਮੂਹ ਦੇ ਅੱਤਵਾਦੀਆਂ ਨੇ ਮੂਸਾਖੇਲ ਜ਼ਿਲ੍ਹੇ ਦੇ ਰਾਰਾਸ਼ਿਮ ਇਲਾਕੇ ਵਿੱਚ ਇੱਕ ਹਾਈਵੇਅ ਨੂੰ ਬੰਦ ਕਰ ਦਿੱਤਾ ਅਤੇ ਬੱਸ ਵਿੱਚੋਂ 23 ਯਾਤਰੀਆਂ ਨੂੰ ਉਤਾਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਸੰਗਠਨ ਦਾ ਨਾਂ ਨਹੀਂ ਦੱਸਿਆ।