ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ 18 ਅਪ੍ਰੈਲ ਯਾਨੀ ਕਿ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਦੋਵਾਂ ਵਿਚਾਲੇ 27 ਅਪ੍ਰੈਲ ਤੱਕ 5 ਮੈਚ ਖੇਡੇ ਜਾਣਗੇ। ਹੁਣ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਕਿਸਤਾਨੀ ਟੀਮ ਦੇ ਮੁੱਖ ਕੋਚ ਅਜ਼ਹਰ ਮਹਿਮੂਦ ਨੇ ਕਪਤਾਨ ਬਾਬਰ ਆਜ਼ਮ ਅਤੇ ਸ਼ਾਹੀਨ ਅਫਰੀਦੀ ਨੂੰ ਨਿਊਜ਼ੀਲੈਂਡ ਖਿਲਾਫ ਸੀਰੀਜ਼ ਤੋਂ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਦੀ ਗੱਲ ਕੀਤੀ ਹੈ। ਸ਼ਾਹੀਨ ਅਫਰੀਦੀ ਦੀ ਫਿਟਨੈੱਸ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ ਪਰ ਟੀਮ ਦੇ ਮੁੱਖ ਕੋਚ ਮੁਤਾਬਿਕ ਟੀਮ ਦੇ ਦੋਵੇਂ ਮੁੱਖ ਖਿਡਾਰੀਆਂ ਨੂੰ ਆਰਾਮ ਦੇਣਾ ਪੂਰੀ ਤਰ੍ਹਾਂ ਸੰਭਵ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਅਜ਼ਹਰ ਮਹਿਮੂਦ ਨੇ ਕਿਹਾ, “ਇਹ ਹੋ ਸਕਦਾ ਹੈ। ਬਾਬਰ ਆਜ਼ਮ ਨੂੰ ਆਰਾਮ ਦਿੱਤਾ ਜਾ ਸਕਦਾ ਹੈ, ਪਰ ਇਹ ਹਾਲਾਤਾਂ ‘ਤੇ ਨਿਰਭਰ ਕਰੇਗਾ। ਅਸੀਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹਾਂ। ਸ਼ਾਹੀਨ ਅਫਰੀਦੀ ਪੂਰੀ ਤਰ੍ਹਾਂ ਫਿੱਟ ਹੈ। ਮੈਂ ਸੁਣਿਆ ਹੈ ਕਿ ਅਫਰੀਦੀ ਪਹਿਲੇ 2 ਮੈਚਾਂ ਤੋਂ ਬਾਹਰ ਹੋ ਸਕਦੇ ਹਨ ਇਹ ਖ਼ਬਰ ਮੀਡੀਆ ਦੁਆਰਾ ਫੈਲਾਈ ਗਈ ਹੈ, ਅਸੀਂ ਅਜਿਹਾ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।” ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦੇ ਪਹਿਲੇ 3 ਮੈਚ ਰਾਵਲਪਿੰਡੀ ‘ਚ ਅਤੇ ਆਖਰੀ 2 ਮੈਚ ਲਾਹੌਰ ‘ਚ ਖੇਡੇ ਜਾਣਗੇ।