ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਕਰਾਚੀ ਟੈਸਟ ਡਰਾਅ ਹੋ ਗਿਆ ਹੈ। ਦਰਅਸਲ ਨਿਊਜ਼ੀਲੈਂਡ ਨੂੰ ਮੈਚ ਜਿੱਤਣ ਲਈ ਲਗਭਗ 8 ਓਵਰਾਂ ‘ਚ 80 ਦੌੜਾਂ ਦੀ ਲੋੜ ਸੀ ਪਰ ਖਰਾਬ ਰੋਸ਼ਨੀ ਕਾਰਨ ਖੇਡ ਨੂੰ ਰੋਕਣਾ ਪਿਆ। ਇਸ ਤਰ੍ਹਾਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਡਰਾਅ ਰਿਹਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੂਜੀ ਪਾਰੀ 8 ਵਿਕਟਾਂ ‘ਤੇ 338 ਦੌੜਾਂ ‘ਤੇ ਐਲਾਨ ਦਿੱਤੀ ਸੀ। ਜਿਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਮੈਚ ਜਿੱਤਣ ਲਈ ਦੂਜੀ ਪਾਰੀ ‘ਚ ਕਰੀਬ 15 ਓਵਰਾਂ ‘ਚ 138 ਦੌੜਾਂ ਬਣਾਉਣੀਆਂ ਪਈਆਂ। ਜਿਸ ਸਮੇਂ ਅੰਪਾਇਰ ਨੇ ਖਰਾਬ ਰੋਸ਼ਨੀ ਕਾਰਨ ਖੇਡ ਨੂੰ ਰੋਕਿਆ, ਉਸ ਸਮੇਂ ਨਿਊਜ਼ੀਲੈਂਡ ਦੀ ਟੀਮ ਨੇ 7.3 ਓਵਰਾਂ ‘ਚ 1 ਵਿਕਟ ‘ਤੇ 61 ਦੌੜਾਂ ਬਣਾ ਲਈਆਂ ਸਨ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਚੌਥੇ ਦਿਨ 9 ਵਿਕਟਾਂ ‘ਤੇ 612 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ। ਨਿਊਜ਼ੀਲੈਂਡ ਲਈ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ ਦੋਹਰਾ ਸੈਂਕੜਾ ਲਗਾਇਆ। ਕੇਨ ਵਿਲੀਅਮਸਨ 395 ਗੇਂਦਾਂ ‘ਤੇ 200 ਦੌੜਾਂ ਬਣਾ ਕੇ ਨਾਬਾਦ ਪਰਤੇ। ਵਿਲੀਅਮਸਨ ਨੇ ਆਪਣੀ ਪਾਰੀ ‘ਚ 21 ਚੌਕੇ ਅਤੇ 1 ਛੱਕਾ ਲਗਾਇਆ। ਕੇਨ ਵਿਲੀਅਮਸਨ ਦੇ ਟੈਸਟ ਕਰੀਅਰ ਦਾ ਇਹ ਪੰਜਵਾਂ ਦੋਹਰਾ ਸੈਂਕੜਾ ਹੈ।