ਤੋਸ਼ਾਖਾਨਾ ਮਾਮਲੇ ਨੂੰ ਲੈ ਕੇ ਇਮਰਾਨ ਖਾਨ ‘ਤੇ ਅਜੇ ਵੀ ਮੁਸੀਬਤ ਦੇ ਬੱਦਲ ਮੰਡਰਾ ਰਹੇ ਨੇ। ਇਮਰਾਨ ਅੱਜ ਇਸਲਾਮਾਬਾਦ ਦੀ ਅਦਾਲਤ ਵਿੱਚ ਪੇਸ਼ ਹੋਣ ਵਾਲੇ ਸਨ ਪਰ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਕਾਫ਼ਲੇ ਨੂੰ ਇਸਲਾਮਾਬਾਦ ਟੋਲ ਪਲਾਜ਼ਾ ’ਤੇ ਰੋਕ ਲਿਆ ਗਿਆ ਹੈ। ਦੂਜੇ ਪਾਸੇ ਜਦੋਂ ਇਮਰਾਨ ਖਾਨ ਇਸਲਾਮਾਬਾਦ ਲਈ ਰਵਾਨਾ ਹੋਏ ਤਾਂ ਪੁਲਿਸ ਉਨ੍ਹਾਂ ਦੇ ਲਾਹੌਰ ਸਥਿਤ ਘਰ ਪਹੁੰਚ ਗਈ। ਇਸ ਦੌਰਾਨ ਪੁਲਿਸ ਅਤੇ ਪੀਟੀਆਈ ਵਰਕਰਾਂ ਵਿਚਾਲੇ ਝੜਪ ਵੀ ਹੋਈ। ਇਸਲਾਮਾਬਾਦ ਜਾਂਦੇ ਹੋਏ ਇਮਰਾਨ ਖਾਨ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਇਮਰਾਨ ਖਾਨ ਕਹਿ ਰਹੇ ਹਨ ਕਿ ਜਦੋਂ ਮੈਂ ਇਸਲਾਮਾਬਾਦ ਪਹੁੰਚਾਂਗਾ ਤਾਂ ਉਹ ਮੈਨੂੰ ਗ੍ਰਿਫਤਾਰ ਕਰ ਲੈਣਗੇ। ਇਮਰਾਨ ਨੇ ਕਿਹਾ ਕਿ ਮੇਰੀ ਗ੍ਰਿਫਤਾਰੀ ‘ਲੰਡਨ ਯੋਜਨਾ’ ਦਾ ਹਿੱਸਾ ਹੈ। ਮੇਰੀ ਗ੍ਰਿਫਤਾਰੀ ਨਵਾਜ਼ ਸ਼ਰੀਫ ਦੇ ਇਸ਼ਾਰੇ ‘ਤੇ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, ਮੈਂ ਪਹਿਲਾਂ ਵੀ ਇਸਲਾਮਾਬਾਦ ਦੀ ਅਦਾਲਤ ਵਿੱਚ ਪੇਸ਼ ਹੋਣ ਜਾ ਰਿਹਾ ਸੀ। ਇਮਰਾਨ ਨੇ ਕਿਹਾ, ਪੰਜਾਬ ਪੁਲਿਸ ਨੇ ਜ਼ਮਾਨ ਪਾਰਕ ਸਥਿਤ ਮੇਰੇ ਘਰ ‘ਤੇ ਹਮਲਾ ਕੀਤਾ, ਜਿੱਥੇ ਬੁਸ਼ਰਾ ਬੇਗਮ ਇਕੱਲੀ ਹੈ। ਉਹ ਕਿਸ ਕਾਨੂੰਨ ਤਹਿਤ ਅਜਿਹਾ ਕਰ ਰਹੇ ਹਨ? ਇਹ ਲੰਡਨ ਯੋਜਨਾ ਦਾ ਹਿੱਸਾ ਹੈ। ਦੱਸ ਦੇਈਏ ਕਿ ਪਾਕਿਸਤਾਨ ‘ਚ ਇਮਰਾਨ ਦੇ ਲਾਹੌਰ ਸਥਿਤ ਘਰ ਦੇ ਬਾਹਰ ਮਾਹੌਲ ਕਾਫੀ ਖਰਾਬ ਹੋ ਗਿਆ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਮਰਾਨ ਦੇ ਜ਼ਮਾਨ ਪਾਰਕ ਦੇ ਘਰ ਦੀ ਛੱਤ ਤੋਂ ਪੁਲਿਸ ‘ਤੇ ਗੋਲੀਬਾਰੀ ਕੀਤੀ ਗਈ ਹੈ। ਜਵਾਬ ਵਿੱਚ ਪੁਲਿਸ ਨੇ ਉੱਥੇ ਮੌਜੂਦ ਪੀਟੀਆਈ ਵਰਕਰਾਂ ‘ਤੇ ਐਕਸ਼ਨ ਲਿਆ।