ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਇੱਕ ਵਾਰ ਫਿਰ ਸੂਬੇ ਵਿੱਚ ਅਫੀਮ ਦੀ ਖੇਤੀ ਦੀ ਵਕਾਲਤ ਕੀਤੀ ਹੈ। ਪੇਸ਼ੇ ਤੋਂ ਡਾਕਟਰ ਨਵਜੋਤ ਕੌਰ ਨੇ ਇਹ ਮੰਗ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਅਫੀਮ ਦੀ ਖੇਤੀ ਲਈ ਕੇਂਦਰ ਨੂੰ ਕੀਤੀ ਅਪੀਲ ਤੋਂ ਬਾਅਦ ਰੱਖੀ ਹੈ। ਇਹ ਦੂਜੀ ਵਾਰ ਹੈ ਜਦੋਂ ਡਾਕਟਰ ਨਵਜੋਤ ਕੌਰ ਅਫੀਮ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ।
ਡਾ: ਨਵਜੋਤ ਕੌਰ ਨੇ ਟਵਿਟਰ ‘ਤੇ ਟਵੀਟ ਕੀਤਾ ਕਿ ਅਫੀਮ ਦੀ ਖੇਤੀ ਲਈ ਮਨਜ਼ੂਰੀ ਲੈਣੀ ਚਾਹੀਦੀ ਹੈ। ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਿੱਚ ਮਦਦ ਕਰ ਸਕਦੇ ਹਾਂ ਅਤੇ ਵਿਦੇਸ਼ਾਂ ਵਿੱਚ ਨਿਰਯਾਤ ਦੇ ਨਾਲ ਸਰਕਾਰ ਦੁਆਰਾ ਨਿਯੰਤਰਿਤ ਖੇਤੀ ਤੋਂ ਚੰਗਾ ਮਾਲੀਆ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਪੰਜਾਬ ਨੂੰ ਡਾਕਟਰੀ ਤੌਰ ‘ਤੇ ਪ੍ਰਵਾਨਿਤ ਵਰਤੋਂ ਕਾਰਨ ਸਿੰਥੈਟਿਕ ਨਸ਼ਿਆਂ ਤੋਂ ਛੁਟਕਾਰਾ ਮਿਲੇਗਾ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੇਂਦਰ ਨੂੰ ਪੱਤਰ ਲਿਖੇ ਜਾਣ ਤੋਂ ਬਾਅਦ ਡਾਕਟਰ ਨਵਜੋਤ ਕੌਰ ਨੇ ਇਹ ਮੰਗ ਰੱਖੀ ਹੈ। ਡਾ: ਨਵਜੋਤ ਕੌਰ ਨੇ ਇਹ ਮੰਗ ਪਹਿਲੀ ਵਾਰ ਨਹੀਂ ਕੀਤੀ। ਨਵਜੋਤ ਸਿੰਘ ਸਿੱਧੂ ਵੀ ਪਹਿਲਾਂ ਇੱਕ ਵਾਰ ਇਸ ਦਾ ਸਮਰਥਨ ਕਰ ਚੁੱਕੇ ਹਨ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਡਾ: ਨਵਜੋਤ ਕੌਰ ਨੇ ਵੀ ਇਸ ਦੀ ਮੰਗ ਕੀਤੀ ਸੀ।