ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ ) ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਨੇ 39 ਸਾਲਾਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵੱਡਾ ਬਿਆਨ ਦਿੱਤਾ ਹੈ। ਕੁਲਦੀਪ ਬਰਾੜ ਨੇ ਸਪੱਸ਼ਟ ਕਿਹਾ ਕਿ ਭਿੰਡਰਾਂ ਵਾਲਿਆਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸ਼ਹਿ ਮਿਲੀ ਸੀ ਅਤੇ ਉਨ੍ਹਾਂ ਨੂੰ ਰੋਕਣ ਵਿੱਚ ਦੇਰੀ ਹੋਈ ਸੀ। ਇੱਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੰਦੇ ਹੋਏ ਜਨਰਲ ਬਰਾੜ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸੀ। ਖਾਲਿਸਤਾਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਸੀ। ਪੰਜਾਬ ਵਿੱਚ ਭਿੰਡਰਾਂ ਵਾਲਿਆਂ ਦਾ ਰੁਤਬਾ ਵੱਧ ਰਿਹਾ ਸੀ।
ਭਿੰਡਰਾਂ ਵਾਲਿਆਂ ਨੂੰ ਕੇਂਦਰ ਸਰਕਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਸੀ। ਸਾਲ ਦਰ ਸਾਲ ਭਿੰਡਰਾਂ ਵਾਲਾ ਅਰਸ਼ ‘ਤੇ ਪਹੁੰਚ ਗਿਆ ਸੀ ਅਤੇ ਇਹ ਸਭ ਕੁਝ ਇੰਦਰਾ ਗਾਂਧੀ ਦੇ ਸਾਹਮਣੇ ਹੋ ਰਿਹਾ ਸੀ। 1980 ਤੱਕ ਸਭ ਕੁਝ ਠੀਕ ਸੀ। 1981 ਤੋਂ ਲੈ ਕੇ 84 ਤੱਕ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਕਾਫੀ ਹੱਦ ਤੱਕ ਵਿਗੜ ਚੁੱਕੀ ਸੀ। ਹਰ ਪਾਸੇ ਲੁੱਟਮਾਰ, ਡਾਕੇ ਅਤੇ ਕਤਲ ਹੋ ਰਹੇ ਸਨ। ਜਦੋਂ ਭਿੰਡਰਾਂਵਾਲਾ ਸਿਖਰਾਂ ‘ਤੇ ਪਹੁੰਚਿਆ ਤਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਮਲਾ ਕਰਨ ਦਾ ਹੁਕਮ ਦਿੱਤਾ। ਇੰਨਾ ਹੀ ਨਹੀਂ, ਆਪਰੇਸ਼ਨ ਬਲੂ ਸਟਾਰ ਦੇ ਸਮੇਂ ਉਨ੍ਹਾਂ ਨੂੰ ਚੁਣਿਆ ਗਿਆ ਸੀ। ਉਨ੍ਹਾਂ ਨੂੰ ਜਨਰਲ ਕੁਲਦੀਪ ਸਿਪਾਹੀ ਹੋਣ ਦੇ ਮੱਦੇਨਜ਼ਰ ਚੁਣਿਆ ਗਿਆ ਸੀ। ਇੱਕ ਵਾਰ ਵੀ ਇਹ ਨਹੀਂ ਦੇਖਿਆ ਗਿਆ ਕਿ ਉਹ ਸਿੱਖ ਹੈ, ਹਿੰਦੂ ਹੈ ਜਾਂ ਪਾਰਸੀ। ਉਸ ਨੂੰ ਇਸ ਅਪਰੇਸ਼ਨ ਦਾ ਕੋਈ ਪਛਤਾਵਾ (ਦੁੱਖ ) ਨਹੀਂ ਹੈ।
ਆਪਣੀ ਇੰਟਰਵਿਊ ਵਿੱਚ ਜਨਰਲ ਬਰਾੜ ਨੇ ਉਸ ਸਮੇਂ ਦੇ ਹਾਲਾਤ ਬਾਰੇ ਦੱਸਿਆ ਅਤੇ ਕਿਹਾ ਕਿ 1982 ਤੋਂ 84 ਤੱਕ ਭਿੰਡਰਾਂਵਾਲਾ ਹੋਰ ਮਜ਼ਬੂਤ ਹੋ ਗਿਆ ਸੀ। ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਤੋਂ ਡਰਦਾ ਸੀ। ਉਨ੍ਹਾਂ ਦੇ ਹੁਕਮ ਹੀ ਅੰਤਿਮ ਹੁਕਮ ਸਨ। ਡੀਆਈਜੀ ਨੂੰ ਮਾਰ ਕੇ ਹਰਿਮੰਦਰ ਸਾਹਿਬ ਦੇ ਬਾਹਰ ਸੁੱਟਣ ਦੀ ਘਟਨਾ ਨੇ ਪੁਲਿਸ ਨੂੰ ਹੋਰ ਵੀ ਡਰਾ ਦਿੱਤਾ ਸੀ। ਜਨਰਲ ਬਰਾੜ ਨੇ ਦੱਸਿਆ ਕਿ ਫੌਜ ਦੀ ਇਸ ਕਾਰਵਾਈ ਵਿੱਚ ਪੁਲਿਸ ਸ਼ਾਮਿਲ ਨਹੀਂ ਸੀ। ਫੌਜ ਨੂੰ ਡਰ ਸੀ ਕਿ ਪੁਲਿਸ ਵੀ ਖਾਲਿਸਤਾਨ ਦਾ ਸਾਥ ਦੇਵੇਗੀ। ਸਰਹੱਦ ‘ਤੇ ਫੌਜ ਖੜ੍ਹੀ ਕਰਕੇ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਜੋ ਪਾਕਿਸਤਾਨੀ ਫੌਜ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਨਾ ਕਰੇ। ਇਨਪੁਟ ਇਹ ਸੀ ਕਿ ਜੋ ਭਾਰਤ ਨੇ ਬੰਗਲਾਦੇਸ਼ ਵਿੱਚ ਕੀਤਾ, ਪਾਕਿਸਤਾਨੀ ਫੌਜ ਭਾਰਤ ਦੇ ਪੰਜਾਬ ਵਿੱਚ ਕਰ ਸਕਦੀ ਹੈ।
ਜਨਰਲ ਬਰਾੜ ਨੇ ਕਿਹਾ ਕਿ ਜਦੋਂ 80 ਦੇ ਦੌਰਾਨ ਭਿੰਡਰਾਂ ਵਾਲਿਆਂ ਦਾ ਕੱਦ ਵੱਧ ਰਿਹਾ ਸੀ ਤਾਂ ਕਾਂਗਰਸੀਆਂ-ਅਕਾਲੀਆਂ ਵਿੱਚੋਂ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਇਨ੍ਹਾਂ ਸਾਰਿਆਂ ਦੇ ਆਪੋ-ਆਪਣੇ ਰਾਜਨੀਤਿਕ ਮਨੋਰਥ ਸਨ, ਸਾਰੇ ਇੱਕੋ ਜਿਹੇ ਹੋ ਗਏ ਅਤੇ ਭਿੰਡਰਾਂ ਵਾਲਿਆਂ ਦਾ ਕੱਦ ਉੱਚਾ ਹੁੰਦਾ ਰਿਹਾ। ਸ੍ਰੀ ਹਰਿਮੰਦਰ ਸਾਹਿਬ ‘ਚ ਸਾਕਾ ਨੀਲਾ ਤਾਰਾ ਹੋਏ ਨੂੰ ਭਾਵੇਂ 39 ਸਾਲ ਹੋ ਗਏ ਹੋਣ ਪਰ ਜਨਰਲ ਬਰਾੜ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਹਲਚਲ ਵਧਣ ਦੇ ਆਸਾਰ ਹਨ। ਇੰਨੇ ਸਾਲਾਂ ਬਾਅਦ ਵੀ ਸਾਕਾ ਨੀਲਾ ਤਾਰਾ ਨੂੰ ਲੈ ਕੇ ਸਿੱਖ ਕੌਮ ਵਿੱਚ ਗੁੱਸਾ ਹੈ। ਅੱਜ ਵੀ ਗਾਂਧੀ ਪਰਿਵਾਰ ਨੂੰ ਹਰਿਮੰਦਰ ਸਾਹਿਬ ਵਿੱਚ ਵੀਆਈਪੀ ਟ੍ਰੀਟਮੈਂਟ ਨਹੀਂ ਮਿਲਦਾ। ਅੱਜ ਵੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਸਿਰੋਪਾਓ ਨਹੀਂ ਦਿੱਤਾ ਜਾਂਦਾ। 1984 ਵਿੱਚ ਕੁਲਦੀਪ ਬਰਾੜ ਦੀ ਅਗਵਾਈ ਵਿੱਚ ਫੌਜ ਨੇ ਆਪਰੇਸ਼ਨ ਬਲਿਊ ਸਟਾਰ ਸ਼ੁਰੂ ਕੀਤਾ ਸੀ। ਇਸ ਕਾਰਵਾਈ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ।