ਤੁਸੀ ਅਕਸਰ ਦੇਖਿਆ ਹੋਵੇਗਾ ਕਿ ਹਰ ਦੇਸ਼ ਵਿੱਚ ਕਿਸੇ ਸਰਕਾਰੀ ਵਿਭਾਗ ‘ਚ ਜਾ ਕਿਸੇ ਪ੍ਰਾਈਵੇਟ ਅਦਾਰੇ ‘ਚ ਜਦੋ ਨੌਕਰੀਆਂ ਕੱਢੀਆਂ ਜਾਂਦੀਆਂ ਨੇ ਤਾਂ ਲੋਕ ਆਨਲਾਈਨ ਅਪਲਾਈ ਕਰਦੇ ਨੇ। ਪਰ ਪੰਜਾਬ ‘ਚ ਕੁੱਝ ਵੱਖਰਾ ਦੇਖਣ ਨੂੰ ਮਿਲਿਆ ਹੈ। ਦਰਅਸਲ ਪੰਜਾਬ ਵਿੱਚ ਹੁਣ ਗੈਂਗਸਟਰਾਂ ਦੀ ਆਨਲਾਈਨ ਭਰਤੀ ਹੋ ਰਹੀ ਹੈ। ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਲਿਖ ਕੇ ਵਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। ਇੱਕ ਨੰਬਰ ਵੀ ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਜਾਰੀ ਕੀਤਾ ਗਿਆ ਹੈ।
ਇੱਕ ਪਾਸੇ ਗੈਂਗਸਟਰ ਫੇਸਬੁੱਕ ਆਦਿ ‘ਤੇ ਸ਼ਰੇਆਮ ਨੰਬਰ ਜਾਰੀ ਕਰ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ। ਗੈਂਗਸਟਰ ਅਕਸਰ ਫੇਸਬੁੱਕ ਆਦਿ ‘ਤੇ ਪੋਸਟਾਂ ਪਾ ਕੇ ਅਤੇ ਵੀਡੀਓ ਆਦਿ ਬਣਾ ਕੇ ਆਪਣੇ-ਆਪ ਨੂੰ ਰੋਲ ਮਾਡਲ ਹੀਰੋ ਵਜੋਂ ਪੇਸ਼ ਕਰਕੇ ਆਪਣੀ ਸ਼ੋਹਰਤ ਦਾ ਪ੍ਰਦਰਸ਼ਨ ਕਰਦੇ ਹਨ, ਤਾਂ ਜੋ ਨੌਜਵਾਨ ਉਨ੍ਹਾਂ ਨੂੰ ਦੇਖ ਕੇ ਆਕਰਸ਼ਿਤ ਹੋ ਕੇ ਅਪਰਾਧ ਦੀ ਦੁਨੀਆ ‘ਚ ਸ਼ਾਮਿਲ ਹੋ ਜਾਣ। ਦੱਸ ਦੇਈਏ ਸਾਲ 2016 ਵਿੱਚ ਬਠਿੰਡਾ ਪੁਲਿਸ ਨੇ ਰਾਮਪੁਰਾ ਫੂਲ ਇਲਾਕੇ ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਦਾ ਐਨਕਾਊਂਟਰ ਕੀਤਾ ਸੀ। ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਦਵਿੰਦਰ ਬੰਬੀਹਾ ਸ਼ੁਰੂ ਤੋਂ ਹੀ ਸ਼ਾਰਪ ਸ਼ੂਟਰ ਵਜੋਂ ਜਾਣਿਆ ਜਾਂਦਾ ਸੀ। ਇਹ ਗੈਂਗਸਟਰ 17 ਮਹੀਨਿਆਂ ਤੋਂ ਪੁਲਿਸ ਹਿਰਾਸਤ ‘ਚੋਂ ਫਰਾਰ ਸੀ ਅਤੇ FB ‘ਤੇ ਪੋਸਟ ਲਿਖ ਕੇ ਆਪਣੇ ਦੁਸ਼ਮਣਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਐਨਕਾਊਂਟਰ ਤੋਂ ਪਹਿਲਾ ਦਵਿੰਦਰ ਬੰਬੀਹਾ ਦੋ ਵਾਰ ਪੁਲਿਸ ਦੀ ਹਿਰਾਸਤ ਵਿੱਚੋ ਫਰਾਰ ਹੋਇਆ ਸੀ।