ਜਿਵੇਂ-ਜਿਵੇ ਸਮਾਂ ਬਦਲ ਰਿਹਾ ਹੈ ਓਦਾਂ-ਓਦਾਂ ਹੀ ਠੱਗਾਂ ਨੇ ਵੀ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਲੱਭ ਲਏ ਨੇ, ਆਨਲਾਈਨ ਧੋਖਾਧੜੀ ਕਰਨ ਵਾਲਿਆਂ ਨੇ ਦੇਸ਼ ਦੀਆਂ ਵੱਖ-ਵੱਖ ਥਾਵਾਂ ‘ਤੇ ਆਪਣਾ ਜਾਲ ਵਿਛਾ ਕੇ ਰੱਖਿਆ ਹੋਇਆ ਹੈ। ਪਰ ਅਜਿਹੀ ਠੱਗੀ ਤੋਂ ਕਿਵੇਂ ਬੱਚਿਆਂ ਜਾ ਸਕਦਾ ਹੈ ਇਸ ਬਾਰੇ ਵੀ ਦੱਸਾਂਗੇ, ਪਰ ਉਸ ਤੋਂ ਪਹਿਲਾ ਗੱਲ ਕਰਦੇ ਆ ਤਾਜ਼ੇ ਮਾਮਲੇ ਦੀ, ਤਾਜ਼ਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਡਾਕਟਰ ਨੂੰ ਅਣਜਾਣ ਲਿੰਕ ‘ਤੇ ਕਲਿੱਕ ਕਰਨਾ ਮਹਿੰਗਾ ਪੈ ਗਿਆ। ਧੋਖਾਧੜੀ ਬਾਰੇ ਉਸ ਨੂੰ ਉਦੋਂ ਪਤਾ ਲੱਗਾ ਜਦੋਂ ਠੱਗਾਂ ਨੇ ਉਸ ਦੇ ਖਾਤੇ ਵਿੱਚੋਂ 19.50 ਲੱਖ ਰੁਪਏ ਉਡਾ ਦਿੱਤੇ। ਜਿਸ ਤੋਂ ਬਾਅਦ ਡਾਕਟਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਕਲਕੱਤਾ ਦੇ ਅਭਿਨਵ, ਰਾਜਸਥਾਨ ਦੇ ਇਦਰਸ਼ ਅਲੀ, ਖਰੜ ਪੰਜਾਬ ਦੇ ਰਾਧਾ ਚੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਡਾਕਟਰ ਸੁਭਾਸ਼ ਚੰਦ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਓਨਾ ਦੇ ਮੋਬਾਈਲ ਵਿੱਚ ਇੱਕ ਮੈਸਜ ਆਇਆ ਸੀ, ਜਿਸ ’ਤੇ ਉਨ੍ਹਾਂ ਨੇ ਕਲਿੱਕ ਕੀਤਾ। ਕਲਿੱਕ ਕਰਨ ਤੋਂ ਬਾਅਦ ਉਨ੍ਹਾਂ ਦੇ ਮੋਬਾਈਲ ‘ਤੇ ਕੁੱਝ ਨਹੀਂ ਖੁੱਲ੍ਹਿਆ ਪਰ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਡੈਬਿਟ ਕਾਰਡ ਤੋਂ ਪੈਸੇ ਨਿਕਲਣੇ ਸ਼ੁਰੂ ਹੋ ਗਏ। ਉਨ੍ਹਾਂ ਨੇ ਤੁਰੰਤ ਇਸਦੀ ਸੂਚਨਾ ਆਪਣੇ ਬੈਂਕ ਅਤੇ ਫਿਰ ਪੁਲਿਸ ਨੂੰ ਦਿੱਤੀ।
ਤਿੰਨ ਖਾਤਿਆਂ ਵਿੱਚ ਟ੍ਰਾਂਸਫਰ ਹੋਏ ਪੈਸੇ
ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦਾ ਸਾਈਬਰ ਸੈੱਲ ਤੁਰੰਤ ਐਕਟਿਵ ਹੋ ਗਿਆ ਹੈ। ਥਾਣਾ ਡੀ-ਡਵੀਜ਼ਨ ਦੇ ਐੱਸਐੱਚਓ ਰੌਬਿਨ ਹੰਸ ਨੇ ਦੱਸਿਆ ਕਿ ਡਾਕਟਰ ਸੁਭਾਸ਼ ਦੇ ਖਾਤੇ ਵਿੱਚੋਂ ਤਿੰਨ ਖਾਤਿਆਂ ਵਿੱਚ ਪੈਸੇ ਗਏ ਸਨ। ਤਿੰਨੋਂ ਖਾਤਿਆਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੁਣ ਗੱਲ ਕਰਦੇ ਹੈ ਸਰਕਾਰ ਵੱਲੋਂ ਜਾਰੀ ਨੰਬਰ ਦੀ
ਸਰਕਾਰ ਵੱਲੋਂ 1930 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਨਾਲ ਆਨਲਾਈਨ ਧੋਖਾਧੜੀ ਹੁੰਦੀ ਹੈ, ਤਾਂ ਉਹ ਇਸ ਨੰਬਰ ‘ਤੇ ਪਹਿਲੇ 24 ਘੰਟਿਆਂ ‘ਚ ਅਤੇ ਜਲਦੀ ਤੋਂ ਜਲਦੀ ਜਾਣਕਾਰੀ ਦੇਣੀ ਪਵੇਗੀ। ਜਿਵੇਂ ਹੀ ਇਸ ਨੰਬਰ ‘ਤੇ ਸ਼ਿਕਾਇਤ ਦਿੱਤੀ ਜਾਂਦੀ ਹੈ, ਸ਼ਿਕਾਇਤ ਸਬੰਧਤ ਜ਼ਿਲ੍ਹੇ ਦੇ ਸਾਈਬਰ ਕਰਾਈਮ ਕੋਲ ਪਹੁੰਚ ਜਾਂਦੀ ਹੈ, ਇਸ ਦੇ ਨਾਲ ਹੀ ਸਬੰਧਤ ਬੈਂਕ ਨੂੰ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ। ਦੂਜੇ ਪਾਸੇ ਜੇਕਰ ਕੋਈ ਵਿਅਕਤੀ ਆਪਣੇ ਜ਼ਿਲ੍ਹੇ ਦੇ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੰਦਾ ਹੈ ਤਾਂ ਉਥੋਂ ਸ਼ਿਕਾਇਤ ਬੈਂਕ ਨੂੰ ਭੇਜ ਦਿੱਤੀ ਜਾਂਦੀ ਹੈ।
1930 ਅਤੇ ਸਾਈਬਰ ਕ੍ਰਾਈਮ ਸੈੱਲ ਤੋਂ ਸ਼ਿਕਾਇਤ ਮਿਲਦੇ ਹੀ ਬੈਂਕ ਨੇ ਜਾਂਚ ਸ਼ੁਰੂ ਕਰ ਦਿੰਦਾ ਹੈ। ਜੇਕਰ ਬੈਂਕ ਨੂੰ ਸ਼ਿਕਾਇਤਕਰਤਾ ਦੀ ਸ਼ਿਕਾਇਤ ਸਹੀ ਲੱਗਦੀ ਹੈ, ਤਾਂ ਇੱਕ ਹਫ਼ਤੇ ਤੋਂ 10 ਦਿਨਾਂ ਦੇ ਅੰਦਰ, ਪੈਸੇ ਪੀੜਤ ਦੇ ਖਾਤੇ ਵਿੱਚ ਦੁਬਾਰਾ ਪਹੁੰਚ ਜਾਂਦੇ ਹਨ।: