ਪੰਜਾਬ ਵਿਚ ਵੱਧ ਰਿਹਾ ਗੈਂਗਸਟਰਵਾਦ ਜਿੱਥੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਹੀ ਨਜਾਇਜ਼ ਹਥਿਆਰਾਂ ਦੀ ਤਸਕਰੀ ਦਾ ਕਾਲਾ ਕਾਰੋਬਾਰ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਦੀ ਫੋਟੋ ਵਾਲਾ ਇੱਕ ਪੇਜ SOPU ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੈ। ਇਸ ਪੇਜ ‘ਤੇ ਸਿਰਫ ਗੈਂਗਸਟਰ ਜਾਂ ਅਪਰਾਧੀ ਕਿਸਮ ਦੇ ਨੌਜਵਾਨ ਹੀ ਫਾਲੋਅਰਜ਼ ਵਜੋਂ ਦਿਖਾਈ ਦੇਣਗੇ। ਇਸ ਪੇਜ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਤਸਕਰੀ ਕੀਤੀ ਜਾ ਰਹੀ ਹੈ। ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਸਾਈਬਰ ਆਈਟੀ ਸੈੱਲ ਵੀ ਇਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਇਸ ਪੇਜ ‘ਤੇ ਸ਼ਰੇਆਮ ਲਿਖ ਰਹੇ ਹਨ ਕਿ ਜਿਸ ਕਿਸੇ ਨੂੰ ਵੀ ਹਥਿਆਰ ਚਾਹੀਦੇ ਹਨ ਉਹ ਇਨਬਾਕਸ ‘ਚ ਮੈਸੇਜ ਭੇਜੇ। ਇਸ ਦੇ ਨਾਲ ਹੀ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਨਾ ਚਾਹੁੰਦੇ ਹਨ, ਉਹ ਵੀ ਇਨਬਾਕਸ ‘ਚ ਮੈਸੇਜ ਕਰਨ।
ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਗੈਂਗ ਦਾ ਸਰਗਨਾ ਸੋਨੂੰ ਕਾਨਪੁਰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸਰਗਰਮ ਹੈ। ਇਹ ਬਦਮਾਸ਼ ਸੋਸ਼ਲ ਮੀਡੀਆ ਦੇ ਪੇਜ ‘ਤੇ ਲਗਾਤਾਰ ਪੋਸਟਾਂ ਪਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਹਥਿਆਰਾਂ ਦੀ ਡਲਿਵਰੀ ਲੈਣ ਲਈ ਉਸ ਨਾਲ ਸੰਪਰਕ ਕਰੇ। ਇਸ ਦੇ ਨਾਲ ਹੀ ਇੰਨ੍ਹਾਂ ਨੇ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ। ਇਸ ਤਰ੍ਹਾਂ ਖੁੱਲ੍ਹੇਆਮ ਹਥਿਆਰਾਂ ਦੀ ਤਸਕਰੀ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਮੱਗਲਰ ਸੋਨੂੰ ਕਾਨਪੁਰ ਸੋਸ਼ਲ ਮੀਡੀਆ ‘ਤੇ ਲਿਖ ਰਿਹਾ ਹੈ ਕਿ ਜੋ ਲੋਕ ਮੈਨੂੰ ਜਾਣਦੇ ਹਨ ਅਤੇ ਜੋ ਮੈਨੂੰ ਨਹੀਂ ਜਾਣਦੇ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਈ ਦਿਨਾਂ ਤੋਂ ਮੈਨੂੰ ਫੋਨ ਆ ਰਹੇ ਹਨ ਕਿ ਤੁਸੀਂ ਲੋਕਾਂ ਨਾਲ ਧੋਖਾਧੜੀ ਕਰ ਰਹੇ ਹੋ। ਮੇਰੇ ਕੋਲ ਸਿਰਫ਼ ਇੱਕ ਨੰਬਰ ਹੈ ਜੋ ਸਿਰਫ਼ WhatsApp ‘ਤੇ ਕੰਮ ਕਰਦਾ ਹੈ।
ਗਿਲਜੀਤ ਸਿੰਘ ਜੱਟ ਨਾਂ ਦਾ ਇੱਕ ਹੋਰ ਹਥਿਆਰਾਂ ਦਾ ਤਸਕਰ ਹੈ। ਮੁਲਜ਼ਮ ਨੇ ਪੋਸਟ ਵਿੱਚ ਲਿਖਿਆ ਕਿ ਜਿਸ ਕਿਸੇ ਨੇ ਵੀ ਡਲਿਵਰੀ ਦਾ ਕੰਮ ਕਰਨਾ ਹੈ, ਉਹ ਇਨਬਾਕਸ ਵਿੱਚ ਮੈਸਜ ਭੇਜੇ। ਜਦੋਂ ਤੱਕ ਤੁਸੀਂ ਸਾਮਾਨ ਨਹੀਂ ਚੁੱਕ ਲੈਂਦੇ ਮੈਂ ਤੁਹਾਡੇ ਖਾਤੇ ਵਿੱਚ 1 ਰੁਪਿਆ ਵੀ ਨਹੀਂ ਪਾਵਾਂਗਾ। ਜਦੋਂ ਤੁਸੀਂ ਪਹੁੰਚ ਕੇ ਸਾਮਾਨ ਚੁੱਕੋਗੇ, ਤਾਂ ਤੁਹਾਨੂੰ ਖਰਚੇ ਦੇ ਪੈਸੇ ਮਿਲ ਜਾਣਗੇ ਅਤੇ ਤੁਹਾਨੂੰ ਅੱਧੀ ਪੇਮੈਂਟ ਵੀ ਮਿਲੇਗੀ। ਸਮਾਨ ਦੀ ਸੁਰੱਖਿਆ ਆਪ ਹੀ ਕਰਨੀ ਪਏਗੀ। ਜੇਕਰ ਕਿਸੇ ਨੇ ਵੀ ਕੰਮ ਕਰਨਾ ਹੈ ਤਾਂ ਕਮੈਂਟ ਵਿੱਚ ਨੰਬਰ ਨਾ ਦਿਓ ਸਗੋਂ ਇਨਬਾਕਸ ਵਿੱਚ ਮੈਸੇਜ ਕਰੋ। ਮੁਲਜ਼ਮ ਲਿਖਦਾ ਹੈ ਕਿ ਮੈਂ ਇਨਬਾਕਸ ਵਿੱਚ ਹੀ ਜਵਾਬ ਦੇਵਾਂਗਾ, ਸਿਰਫ਼ ਉਹੀ ਵਿਅਕਤੀ ਗੱਲ ਕਰੇ ਜੋ ਜ਼ਿੰਮੇਵਾਰੀ ਨਾਲ ਕੰਮ ਕਰ ਸਕਦਾ ਹੈ। ਸਮੇਂ ‘ਤੇ ਧੋਖਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਇਕ ਬਦਮਾਸ਼ ਰਾਹੁਲ ਠਾਕੁਰ ਨੇ ਪਿਸਤੌਲ ਦੀ ਤਸਵੀਰ ਪਾ ਕੇ ਲਿਖਿਆ ਕਿ ਕੰਮ ਤੁਸੀਂ ਬੋਲੋ ਅਤੇ ਮੈਂ ਉਸ ਦੀ ਰਕਮ ਬੋਲਾਂਗਾ।
ਜ਼ਿਕਰਯੋਗ ਹੈ ਕਿ ਗੈਂਗਸਟਰਾਂ ਵੱਲੋਂ ਅਜਿਹੀਆਂ ਪੋਸਟਾਂ ਪਾਉਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਇਸ ਤੋਂ ਪਹਿਲਾ ਵੀ ਅਜਿਹੇ ਮੌਕੇ ਸਾਹਮਣੇ ਆਏ ਹਨ ਜਦੋ ਗੈਂਗਸਟਰਾਂ ਨੇ ਸ਼ਰੇਆਮ ਪੋਸਟਾਂ ਪਾਈਆਂ ਹਨ, ਇਸ ਤੋਂ ਪਹਿਲਾ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਬੰਬੀਹਾ ਗੈਂਗ ਦੇ ਨਾਮ ‘ਤੇ ਇੱਕ ਫੇਸਬੁੱਕ ਪੋਸਟ ਵੀ ਪਾਈ ਗਈ ਸੀ ਅਤੇ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਸੀ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਜਿਹੜੇ ਲੋਕ ਗੈਂਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਇੱਕ ਨੰਬਰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਨਸਾ ਪੁਲਿਸ ਸਰਗਰਮ ਹੋ ਗਈ ਸੀ ਅਤੇ ਨੰਬਰ ਦਰਜ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਉਹ ਮੂਸੇਵਾਲਾ ਦਾ ਫੈਨ ਸੀ।
ਨੌਜਵਾਨਾਂ ਨੂੰ ਆਪਣੇ ਗੈਂਗ ‘ਚ ਸ਼ਾਮਲ ਕਰਨ ਲਈ ਜਿੱਥੇ ਬੰਬੀਹਾ ਨੇ ਗੈਂਗ ਨੇ ਪੋਸਟ ਪਾਈ ਸੀ। ਇਹ ਦੇਖ ਕੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਨੌਜਵਾਨਾਂ ਨੂੰ ਸਿੱਧੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਸੀ। ਸੂਤਰਾਂ ਮੁਤਾਬਿਕ ਗੋਲਡੀ ਬਰਾੜ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੋਲਡੀ ਬਰਾੜ ਦਾ ਨਿਸ਼ਾਨਾ 18-19 ਸਾਲ ਦੀ ਉਮਰ ਦੇ ਨੌਜਵਾਨ ਹਨ। ਜ਼ਿਕਰਯੋਗ ਹੈ ਕਿ ਇੱਥੇ ਇਹ ਜਾਂਚ ਦਾ ਵਿਸ਼ਾ ਵੀ ਹੈ ਕਿ ਕੀ ਸੱਚਮੁੱਚ ਗੈਂਗਸਟਰਾਂ ਦੇ ਵੱਲੋਂ ਇਹ ਪੋਸਟਾਂ ਪਾਈਆ ਗਈਆਂ ਨੇ ਜਾ ਫਿਰ ਕਿਸੇ ਨੇ ਜਾਣਬੁੱਝ ਕੇ ਅਜਿਹਾ ਕੀਤਾ ਹੈ।