ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਕਮਾਈ ਕਰਨ ਲਈ ਜਾਂਦੇ ਹਨ। ਪਰ ਹੁਣ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ‘ਚ ਜਾ ਕੇ ਕੰਮ ਕਰਦੇ ਹਨ । ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਅਜਿਹੀ ਹੀ ਇੱਕ ਦੁਖਦਾਈ ਘਟਨਾ ਕੈਨੇਡਾਤੋਂ ਆਈ ਹੈ। ਜਿੱਥੋਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਇੱਕ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਦੱਸ ਦੇਈਏ ਕਿ ਸੋਮਵਾਰ ਨੂੰ ਦੋ ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।ਇਸ ਸੜਕ ਹਾਦਸੇ ‘ਚ ਤਹਿਸੀਲ ਅਜ਼ਨਾਲਾ ਦੇ 2 ਵੱਖ ਵੱਖ ਪਿੰਡਾਂ ਦੇ ਕੈਨੇਡਾ ਵਾਸੀ 2 ਨੌਜਵਾਨਾਂ ਵਿਚੋਂ 1 ਦੀ ਮੌਤ ਹੋਣ ਦੀ ਮੰਦਭਾਗੀ ਖਬਰ ਆਈ ਹੈ, ਜਦਕਿ ਦੂਜਾ ਨੌਜਵਾਨ ਜ਼ੇਰੇ ਇਲਾਜ ਹੈ।
ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ 29 ਸਾਲਾ ਨੌਜਵਾਨ ਖੁਸ਼ਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਉਸ ਦੇ ਸਾਲੇ ਸਪਿੰਦਰ ਸਿੰਘ ਵਾਸੀ ਚੱਕ ਬਾਲਾ ਦੀ ਕਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਕੰਮ ਤੋਂ ਵਾਪਸ ਆਉਂਦੇ ਸਮੇਂ ਇੱਕ ਹੋਰ ਵਾਹਨ ਨਾਲ ਟਕਰਾਉਣ ਕਰਕੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਭਿਆਨਕ ਸੜਕ ਹਾਦਸੇ ਵਿੱਚ ਖੁਸ਼ਬੀਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਸਪਿੰਦਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਹ ਕੈਨੇਡਾ ਵਿਖੇ ਜ਼ੇਰੇ ਇਲਾਜ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਖੁਸ਼ਬੀਰ ਆਪਣੇ ਪਿੱਛੇ ਮਾਪਿਆਂ ਸਣੇ ਆਪਣੀ ਪਤਨੀ ਤੇ ਇੱਕ ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ । ਖੁਸ਼ਬੀਰ ਦੀ ਮੌਤ ਦੀ ਖਬਰ ਮਿਲਣ ਮਗਰੋਂ ਉਸਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।