ਹੈਮਿਲਟਨ ‘ਚ ਅੱਜ ਸਵੇਰੇ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 3.05 ਵਜੇ ਫੌਕਸ ਸੇਂਟ ਦੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਘਰ “ਪੂਰੀ ਤਰ੍ਹਾਂ ਅੱਗ ਨਾਲ ਘਿਰਿਆ ਹੋਇਆ” ਸੀ ਅਤੇ ਅਧਿਕਾਰੀਆਂ ਦੁਆਰਾ ਗੁਆਂਢੀ ਜਾਇਦਾਦਾਂ ਨੂੰ ਵੀ ਖਾਲੀ ਕਰਵਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਦਕਿ ਤਿੰਨ ਹੋਰ ਲੋਕ ਘਰੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਦੇ ਬੁਲਾਰੇ ਨੇ ਕਿਹਾ ਕਿ ਅੱਗ ਕਿਸੇ ਹੋਰ ਘਰਾਂ ਤੱਕ ਨਹੀਂ ਫੈਲੀ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਦਸਤੇ ਮੌਕੇ ‘ਤੇ ਮੌਜੂਦ ਹਨ ਅਤੇ ਜਾਂਚ ਕਰ ਰਹੇ ਹਨ। ਸੇਂਟ ਜੌਨ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਦੋ ਮਰੀਜ਼ਾਂ ਦਾ ਇਲਾਜ ਕੀਤਾ ਸੀ। ਜਦਕਿ ਇੱਕ ਦੀ ਹਾਲਤ ਗੰਭੀਰ ਹੈ ਅਤੇ ਇੱਕ ਦੀ ਹਾਲਤ ਮੱਧਮ ਹੈ। ਦੋਵਾਂ ਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਸੀ। ਇੱਕ ਪੁਲਿਸ ਬੁਲਾਰੇ ਨੇ ਕਿਹਾ, “ਇੱਕ ਸੀਨ ਗਾਰਡ ਲਗਾਇਆ ਗਿਆ ਹੈ ਅਤੇ ਪੁਲਿਸ ਅੱਜ FENZ ਜਾਂਚਕਰਤਾਵਾਂ ਦੇ ਨਾਲ ਪਤੇ ‘ਤੇ ਕੰਮ ਕਰੇਗੀ।”