ਹਾਲ ਹੀ ਵਿੱਚ ਅਭਿਸ਼ੇਕ ਬੱਚਨ ਦੀ ਫਿਲਮ ਦਸਵੀ ਆਈ ਸੀ ਜਿਸ ਵਿੱਚ ਇੱਕ ਮੁੱਖ ਮੰਤਰੀ 10ਵੀਂ ਦਾ ਇਮਤਿਹਾਨ ਪਾਸ ਕਰਕੇ ਕਈ ਮੁਸ਼ਕਿਲਾਂ ਨੂੰ ਹੱਲ ਕਰਦਾ ਹੈ। ਇਹ ਭਾਵੇਂ ਇੱਕ ਫਿਲਮੀ ਕਹਾਣੀ ਸੀ, ਪਰ ਹੁਣ ਇਸ ਫਿਲਮ ਦੀ ਕਹਾਣੀ ਦੇ ਨਾਲ ਇੱਕ ਮਿਲਦਾ ਜੁਲਦਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ 87 ਸਾਲ ਦੀ ਉਮਰ ਵਿੱਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ 12ਵੀਂ ਦੀ ਮਾਰਕਸ਼ੀਟ ਦਿੱਤੀ ਹੈ, ਜਿਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਕੁੱਝ ਵੀ ਪੜ੍ਹਣ ਜਾਂ ਸਿੱਖਣ ਦੀ ਕੋਈ ਸੀਮਾ ਨਹੀਂ ਹੈ। ਓਮ ਪ੍ਰਕਾਸ਼ ਚੌਟਾਲਾ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। 87 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।
ਓਮ ਪ੍ਰਕਾਸ਼ ਚੌਟਾਲਾ ਨੇ ਨੈਸ਼ਨਲ ਓਪਨ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਨੇ ਇਸ ਪ੍ਰੀਖਿਆ ਵਿੱਚ ਵੀ ਚੰਗੇ ਅੰਕ ਪ੍ਰਾਪਤ ਕੀਤੇ ਹਨ। ਸਾਬਕਾ ਮੁੱਖ ਮੰਤਰੀ ਨੇ 87 ਸਾਲ ਦੀ ਉਮਰ ਵਿੱਚ 10ਵੀਂ ਅਤੇ 12ਵੀਂ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਹੈ। ਓਮ ਪ੍ਰਕਾਸ਼ ਚੌਟਾਲਾ ਦਾ ਇਹ ਕਦਮ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਹੈ ਜੋ ਅੱਗੇ ਵੱਧ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ। ਕਈ ਲੋਕ ਸੋਚਦੇ ਹਨ ਕਿ ਇੱਕ ਉਮਰ ਤੋਂ ਬਾਅਦ ਸਿੱਖਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਪਰ ਜਦੋਂ ਕੁਝ ਸਿੱਖਣ ਦਾ ਜਨੂੰਨ ਹੋਵੇ ਤਾਂ ਮਿਹਨਤ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ। ਇਨੈਲੋ ਸੁਪਰੀਮੋ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਪਿਛਲੇ ਦੋ ਸਾਲਾਂ ਤੋਂ ਉਹ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਵੀ ਕਰਦੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਵੀ ਸੁਰਖੀਆਂ ‘ਚ ਬਣੇ ਰਹਿੰਦੇ ਹਨ।
ਹਰਿਆਣਾ ਓਪਨ ਬੋਰਡ ਆਫ ਸਕੂਲ ਨੇ ਦੱਸਿਆ ਕਿ ਚੌਟਾਲਾ ਨੇ NIOS ਤੋਂ 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਉਨ੍ਹਾਂ ਨੇ ਅੰਗਰੇਜ਼ੀ ਜਾਂ ਹਿੰਦੀ ਦਾ ਪੇਪਰ ਨਹੀਂ ਦਿੱਤਾ ਸੀ। ਇਸ ਦੀ ਥਾਂ ਚੌਟਾਲਾ ਨੇ ਉਰਦੂ ਵਿਸ਼ਾ ਲਿਆ ਸੀ। ਇਸ ਵਾਰ ਉਨ੍ਹਾਂ ਨੇ ਨੈਸ਼ਨਲ ਓਪਨ ਦੀ ਬਜਾਏ ਹਰਿਆਣਾ ਓਪਨ ਵਿੱਚੋਂ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਉੱਥੇ ਹੀ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਵੀ ਇਸ ਖਬਰ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨਿਊਜ਼ ਪੋਰਟਲ ਦਾ ਆਰਟੀਕਲ ਸ਼ੇਅਰ ਕਰਦੇ ਹੋਏ ਅਭਿਸ਼ੇਕ ਨੇ ਟਵੀਟ ਵਿੱਚ ਲਿਖਿਆ – ਵਧਾਈਆਂ #Dasvi।
ਦੱਸ ਦੇਈਏ ਕਿ ਓਮ ਪ੍ਰਕਾਸ਼ ਚੌਟਾਲਾ ਅਧਿਆਪਕ ਭਰਤੀ ਘੁਟਾਲੇ ਵਿੱਚ 2013 ਤੋਂ 2 ਜੁਲਾਈ 2021 ਤੱਕ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਚੁੱਕੇ ਹਨ। ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। 82 ਸਾਲ ਦੀ ਉਮਰ ‘ਚ ਚੌਟਾਲਾ ਨੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਤੋਂ 10ਵੀਂ ਜਮਾਤ ਉਰਦੂ, ਵਿਗਿਆਨ, ਸਮਾਜਿਕ ਅਧਿਐਨ ਅਤੇ ਭਾਰਤੀ ਸੱਭਿਆਚਾਰ ਅਤੇ ਵਿਰਾਸਤੀ ਵਿਸ਼ਿਆਂ ‘ਚ 53.40 ਫੀਸਦੀ ਅੰਕਾਂ ਨਾਲ ਪਾਸ ਕੀਤੀ ਸੀ।