ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ‘ਚ ਤੇਲ ਟੈਂਕਰ ਡਰਾਈਵਰ ਮੰਗਲਵਾਰ ਦੁਪਹਿਰ ਨੂੰ ਫਿਰ ਹੜਤਾਲ ‘ਤੇ ਚਲੇ ਗਏ ਹਨ। ਇਸ ਕਾਰਨ ਬੁੱਧਵਾਰ ਨੂੰ ਫਿਰ ਤੋਂ ਪੈਟਰੋਲ ਪੰਪਾਂ ‘ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ। ਟੈਂਕਰ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਦੌਰਾਨ ਤਿੰਨ ਦਿਨਾਂ ਦੀ ਹੜਤਾਲ ਕੀਤੀ ਸੀ । ਇਸ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕਰਵਾਈ ਗਈ ਸੀ। ਪਰ ਸਰਕਾਰ ਨੇ ਅਜੇ ਤੱਕ ਡਰਾਈਵਰਾਂ ਦੇ ਹਿੱਤ ਵਿੱਚ ਕਾਨੂੰਨ ਵਿੱਚ ਕੋਈ ਵਿਵਸਥਾ ਨਹੀਂ ਕੀਤੀ ਹੈ। ਇਸ ਕਾਰਨ ਟੈਂਕਰ ਚਾਲਕਾਂ ਨੂੰ ਹੁਣ ਮੁੜ ਹੜਤਾਲ ’ਤੇ ਜਾਣਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਤੇਲ ਟੈਂਕਰ ਚਾਲਕਾਂ ਦੇ ਹੜਤਾਲ ‘ਤੇ ਜਾਣ ਕਾਰਨ ਬੁੱਧਵਾਰ ਤੱਕ ਪੈਟਰੋਲ ਪੰਪਾਂ ‘ਤੇ ਇੱਕ ਹੋਰ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਕਤ ਮਾਮਲੇ ਸਬੰਧੀ ਯੋਗ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦੇਈਏ ਕਿ ਹਾਲ ਹੀ ਵਿੱਚ ਜਦੋਂ ਤੇਲ ਟੈਂਕਰ ਚਾਲਕਾਂ ਨੇ ਤਿੰਨ ਦਿਨਾਂ ਦੀ ਹੜਤਾਲ ਕੀਤੀ ਸੀ ਤਾਂ ਦੂਜੇ ਦਿਨ ਹੀ ਜ਼ਿਆਦਾਤਰ ਪੈਟਰੋਲ ਪੰਪ ਡ੍ਰਾਈ ਹੋ ਗਏ ਸਨ। ਪੈਟਰੋਲ-ਡੀਜ਼ਲ ਬਠਿੰਡਾ ਸਥਿਤ ਐਸਪੀਸੀਐਲ ਅਤੇ ਇੰਡੀਅਨ ਆਇਲ ਡਿਪੂ ਤੋਂ ਟੈਂਕਰਾਂ ਰਾਹੀਂ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਭੇਜਿਆ ਜਾਂਦਾ ਹੈ।