26 ਮਾਰਚ ਨੂੰ ਨਿਊਜ਼ੀਲੈਂਡ ਪੁਲਿਸ ‘ਚ ਨੌਕਰੀ ਕਰਦੇ ਗੁਰਚਰਨ ਸਿੰਘ ਨਾਮ ਦੇ ਨੌਜਵਾਨ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬੁੱਧਵਾਰ ਸ਼ਾਮ ਨੌਜਵਾਨ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਭੁੱਲੇ ਚੱਕ ਵਿੱਚ ਪਹੁੰਚੀ ਅਤੇ ਵੀਰਵਾਰ ਨੂੰ ਉਸਦਾ ਅੰਤਿਮ ਸਸਕਾਰ ਕੀਤਾ ਗਿਆ। ਨੌਜਵਾਨ ਗੁਰਚਰਨ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸਦੀ ਇੱਕ 4 ਸਾਲ ਦੀ ਬੇਟੀ ਵੀ ਹੈ। ਰਿਪੋਰਟਾਂ ਅਨੁਸਾਰ ਗੁਰਚਰਨ ਸਿੰਘ ਵੈਲਿੰਗਟਨ ‘ਚ ਪੁਲਿਸ ਦੇ ਜੇਲ੍ਹ ਵਿਭਾਗ ‘ਚ ਨੌਕਰੀ ਕਰਦਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਫੋਨ ਆਇਆ ਸੀ ਕਿ ਗੁਰਚਰਨ ਸਿੰਘ ਜਦੋਂ ਸਵੇਰੇ ਆਪਣੇ ਘਰ ਤੋਂ ਕੰਮ ਤੇ ਆਪਣੀ ਗੱਡੀ ਰਾਹੀ ਜਾ ਰਿਹਾ ਸੀ ਤਾਂ ਉਸਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉੱਥੇ ਇਸ ਦੌਰਾਨ ਪਰਿਵਾਰਿਕ ਮੈਂਬਰਾਂ ਦਾ ਵੀ ਰੋ-ਰੋ ਕਿ ਬੁਰਾ ਹਾਲ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਚਰਨ ਸਿੰਘ ਲਗਭਗ 11 ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਨਿਊਜ਼ੀਲੈਂਡ ਗਿਆ ਸੀ। ਉੱਥੇ ਉਨ੍ਹਾਂ ਨੇ ਮਿਹਨਤ ਅਤੇ ਲਗਨ ਨਾਲ ਨਾਂ ਸਿਰਜਿਆ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਵਿਭਾਗ ‘ਚ ਅਫਸਰ ਵਜੋਂ ਨੌਕਰੀ ਹਾਸਲ ਕੀਤੀ। ਗੁਰਚਰਨ ਸਿੰਘ ਆਪਣੇ ਪਿੱਛੇ ਪਤਨੀ ਅਤੇ ਚਾਰ ਸਾਲ ਦੀ ਬੇਟੀ ਛੱਡ ਗਿਆ ਹੈ। ਪਰਿਵਾਰ ‘ਚ ਮਾਤਾ, ਪਿਤਾ ਅਤੇ ਹੋਰ ਰਿਸ਼ਤੇਦਾਰ ਗਹਿਰੀ ਤਕਲੀਫ਼ ‘ਚ ਹਨ। ਪੂਰਾ ਪਿੰਡ ਦੁਖੀ ਹੈ ਅਤੇ ਹਰ ਇਕ ਦੀ ਅੱਖ ਹੰਝੂਆਂ ਨਾਲ ਭਿੱਜੀ ਹੋਈ ਹੈ।