ਵੀਰਵਾਰ ਨੂੰ ਤੜਕਸਾਰ ਤਿਮਾਰੂ ਦੇ ਕਈ ਕਾਰੋਬਾਰਾਂ ‘ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਦਰਵਾਜ਼ੇ ਤੋੜਨ ਲਈ ਹਥੌੜਿਆਂ ਦੀ ਵਰਤੋਂ ਕੀਤੀ ਗਈ ਸੀ। ਦੱਸ ਦੇਈਏ ਇੱਕੋ ਰਾਤ ‘ਚ ਤਿਮਾਰੂ ਦੇ 4 ਕਾਰੋਬਾਰਾਂ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਸਾਰਜੈਂਟ ਵਾਰਵਿਕ ਵਰਥ ਨੇ ਕਿਹਾ, “ਅਸੀਂ ਵੱਡੇ ਸ਼ਹਿਰਾਂ ਵਿੱਚ ਰੈਮ ਰੇਡ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੀਆਂ ਹਨ ਅਤੇ ਇਹ ਘਟਨਾ ਨਿਸ਼ਚਿਤ ਤੌਰ ‘ਤੇ ਚਿੰਤਾ ਵਾਲੀ ਹੈ। ਕੁਝ ਸਮੇਂ ਲਈ ਤਿਮਾਰੂ ਵਿੱਚ ਇਸ ਮਹੱਤਤਾ ਦੀ ਇਹ ਪਹਿਲੀ ਘਟਨਾ ਹੈ, ਅਤੇ ਅਸੀਂ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਕੰਮ ਕਰ ਰਹੇ ਹਾਂ।”
ਵਰਥ ਨੇ ਕਿਹਾ ਕਿ ਪੁਲਿਸ ਨੂੰ ਤਿੰਨ ਚੋਰੀ ਹੋਏ ਵਾਹਨਾਂ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ – ਦੋ ਟੋਇਟਾ ਐਕੁਆਸ ਅਤੇ ਇੱਕ ਟੋਇਟਾ ਕੈਲਡੀਨਾ – ਜੋ ਸੰਭਵ ਤੌਰ ‘ਤੇ ਚੋਰੀਆਂ ਨਾਲ ਜੁੜੇ ਹੋਏ ਸਨ। ਇਸ ਦੌਰਾਨ ਮੋਬਾਇਲ ਵਰਲਡ ਦੇ ਸਟੋਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਸਟੋਰ ਮਾਲਕ ਰਣਦੀਪ ਸਿੰਘ ਨੇ ਕਿਹਾ ਕਿ ਉਹ ਬੀਤੇ 3 ਸਾਲਾਂ ਤੋਂ ਇਸ ਥਾਂ ‘ਤੇ ਕਾਰੋਬਾਰ ਕਰ ਰਹੇ ਹਨ ਅਤੇ 14 ਸਾਲਾਂ ਤੋਂ ਇੱਥੋਂ ਦੇ ਵਸਨੀਕ ਹਨ, ਪਰ ਅੱਜ ਤੱਕ ਉਨ੍ਹਾਂ ਨਾਲ ਜਾਂ ਇਲਾਕੇ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਕਿਹਾ ਕਿ ਇਹ ਚੋਰੀ ਸਿਰਫ਼ ਚੋਰੀ ਤੱਕ ਸੀਮਤ ਨਹੀਂ ਹੈ ਇਸ ਦੌਰਾਨ ਸਟੋਰ ਦੀ ਕਾਫੀ ਭੰਨਤੋੜ ਵੀ ਕੀਤੀ ਗਈ ਹੈ।