ਉੜੀਸਾ ਦੇ ਬਾਲਾਸੋਰ ‘ਚ ਸ਼ੁੱਕਰਵਾਰ (2 ਜੂਨ) ਸ਼ਾਮ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨ ਟਰੇਨਾਂ, ਮਾਲ ਗੱਡੀ, ਕੋਰੋਮੰਡਲ ਐਕਸਪ੍ਰੈਸ ਅਤੇ ਹਾਵੜਾ ਐਕਸਪ੍ਰੈਸ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ‘ਚ ਹੁਣ ਤੱਕ 233 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਦਕਿ 900 ਤੋਂ ਵੱਧ ਲੋਕ ਜ਼ਖਮੀ ਹਨ। ਕਰੀਬ 650 ਜ਼ਖਮੀ ਯਾਤਰੀਆਂ ਨੂੰ ਗੋਪਾਲਪੁਰ, ਖੰਤਾਪਾੜਾ, ਬਾਲਾਸੋਰ, ਭਦਰਕ ਅਤੇ ਸੋਰੋ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਪੀੜਤਾਂ ਦੀ ਮਦਦ ਲਈ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਰੇਲ ਹਾਦਸਾ ਸਾਲ 2004 ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਰੇਲ ਹਾਦਸਾ ਹੈ।
ਦੁਨੀਆ ਦਾ ਸਭ ਤੋਂ ਵੱਡਾ ਰੇਲ ਹਾਦਸਾ ਸ਼੍ਰੀਲੰਕਾ ‘ਚ ਵਾਪਰਿਆ ਹੈ। ਇੱਥੇ 26 ਦਸੰਬਰ 2004 ਨੂੰ ‘ਓਸ਼ਨ ਕਵੀਨ ਐਕਸਪ੍ਰੈਸ’ ਵਿੱਚ ਸਵਾਰ ਕਰੀਬ 1700 ਲੋਕਾਂ ਦੀ ਮੌਤ ਹੋ ਗਈ ਸੀ। ਦੁਰਘਟਨਾ ਦਾ ਕਾਰਨ ਸੁਨਾਮੀ ਸੀ, ਜਿਸ ਕਾਰਨ ਪੁਰੀ ਦੀ ਪੂਰੀ ਟਰੇਨ ਸੁਨਾਮੀ ਦੀਆਂ ਤੇਜ਼ ਲਹਿਰਾਂ ‘ਚ ਸਿਮਟ ਗਈ ਸੀ। ਇਸ ਹਾਦਸੇ ਕਾਰਨ ਕਈ ਲੋਕ ਬੇਘਰ ਹੋ ਗਏ ਅਤੇ ਕਈ ਅਨਾਥ ਹੋ ਗਏ ਸਨ।
ਬਾਲਾਸੋਰ ਰੇਲ ਹਾਦਸਾ 2 ਜੂਨ ਨੂੰ ਸ਼ਾਮ ਕਰੀਬ 7.20 ਵਜੇ ਵਾਪਰਿਆ ਹੈ। ਰੇਲਵੇ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਮੁਤਾਬਿਕ ਬਹਿਨਗਾ ਬਾਜ਼ਾਰ ‘ਚ ਬੇਂਗਲੁਰੂ ਤੋਂ ਹਾਵੜਾ ਜਾ ਰਹੀ 12864 ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਦੇ ਕਈ ਡੱਬੇ ਅਚਾਨਕ ਪਟੜੀ ਤੋਂ ਉਤਰ ਗਏ ਅਤੇ ਦੂਜੀ ਪਟੜੀ ‘ਤੇ ਡਿੱਗ ਗਏ ਤੇ ਟਰੇਨ ਦੇ ਡੱਬੇ ਦੂਜੇ ਟ੍ਰੈਕ ‘ਤੇ ਆ ਰਹੀ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ 12841 ਨਾਲ ਟਕਰਾ ਗਏ। ਜਿਸ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਦੇ ਕੋਲ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਦੂਜੇ ਪਾਸੇ ਤੋਂ ਆ ਰਹੀ ਮਾਲ ਗੱਡੀ ਨਾਲ ਟਕਰਾ ਗਏ। ਜਾਣਕਾਰੀ ਮੁਤਾਬਿਕ ਇਹ ਹਾਦਸਾ ਹਾਵੜਾ ਤੋਂ ਕਰੀਬ 255 ਕਿਲੋਮੀਟਰ ਦੂਰ ਬਹਿੰਗਾ ਬਾਜ਼ਾਰ ਸਟੇਸ਼ਨ ‘ਤੇ ਵਾਪਰਿਆ ਹੈ।
ਉੜੀਸਾ ਦੇ ਬਾਲਾਸੋਰ ਵਿੱਚ ਹੋਏ ਹਾਦਸੇ ਤੋਂ ਬਾਅਦ ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਰਾਹਤ ਫੰਡ ਤੋਂ ਵੀ ਮ੍ਰਿਤਕਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਸਹਾਇਤਾ ਦੇਣ ਲਈ ਕਿਹਾ ਗਿਆ ਹੈ।