ਪੂਰੀ ਦੁਨੀਆ ਦੇ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰਨ ਵਾਲੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੇ ਨਿਊਜ਼ੀਲੈਂਡ ‘ਚ ਵੀ ਦਸਤਕ ਦੇ ਦਿੱਤੀ ਹੈ। ਨਿਊਜ਼ੀਲੈਂਡ ਦਾ ਪਹਿਲਾ ਓਮੀਕਰੋਨ ਕੋਵਿਡ -19 ਕੇਸ ਕ੍ਰਾਈਸਟਚਰਚ MIQ ਸਹੂਲਤ ਵਿੱਚ ਪਾਇਆ ਗਿਆ ਹੈ, ਸਿਹਤ ਦੇ ਡਾਇਰੈਕਟਰ-ਜਨਰਲ ਡਾਕਟਰ ਐਸ਼ਲੇ ਬਲੂਮਫੀਲਡ ਨੇ ਵੀਰਵਾਰ ਦੁਪਹਿਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
ਸਿਹਤ ਦੇ ਡਾਇਰੈਕਟਰ-ਜਨਰਲ ਡਾ: ਐਸ਼ਲੇ ਬਲੂਮਫੀਲਡ ਨੇ ਇੱਕ ਮੀਡੀਆ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਨਿਊਜ਼ੀਲੈਂਡ ਵਿੱਚ ਓਮੀਕਰੋਨ ਵੇਰੀਐਂਟ ਦੇ ਆਪਣੇ ਪਹਿਲੇ ਕੇਸ ਦੀ ਪਛਾਣ ਕੀਤੀ ਹੈ।” ਇਹ ਵਿਅਕਤੀ 10 ਦਸੰਬਰ ਨੂੰ ਜਰਮਨੀ ਤੋਂ ਦੁਬਈ ਦੀ ਫਲਾਈਟ ਰਾਹੀਂ ਦੇਸ਼ ਆਇਆ ਸੀ, ਜੋ ਕ੍ਰਾਈਸਟਚਰਚ ਤਬਦੀਲ ਹੋਣ ਤੋਂ ਪਹਿਲਾਂ ਆਕਲੈਂਡ ਪਹੁੰਚਿਆ ਸੀ। ਬਲੂਮਫੀਲਡ ਨੇ ਕਿਹਾ, “ਉਸ ਫਲਾਈਟ ਵਿੱਚ ਸਾਰੇ ਲੋਕ ਕ੍ਰਾਈਸਟਚਰਚ ਦੇ ਦੋ ਵੱਖ-ਵੱਖ ਹੋਟਲਾਂ ਵਿੱਚ ਹਨ।”
ਓਮੀਕਰੋਨ ਵਾਲਾ ਵਿਅਕਤੀ, ਜਿਸ ਨੂੰ ਫਾਈਜ਼ਰ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹਨ, ਕ੍ਰਾਈਸਟਚਰਚ ਵਿੱਚ ਕ੍ਰਾਊਨ ਪਲਾਜ਼ਾ MIQ ਸਹੂਲਤ ਤੋਂ ਟ੍ਰਾਂਸਫਰ ਕੀਤੇ ਜਾਣ ਤੋਂ ਬਾਅਦ ਸੁਦੀਮਾ ਕ੍ਰਾਈਸਟਚਰਚ ਹਵਾਈ ਅੱਡੇ ਦੇ ਹੋਟਲ ਵਿੱਚ ਏਕਾਂਤਵਾਸ ਹੈ। ਉਨ੍ਹਾਂ ਦਾ ਪਹਿਲੇ ਦਿਨ ਟੈਸਟ ਕੀਤਾ ਗਿਆ ਸੀ, ਅਤੇ ਦੂਜੇ ਦਿਨ, 12 ਦਸੰਬਰ ਨੂੰ ਸਕਾਰਾਤਮਕ ਨਤੀਜਾ ਸਾਹਮਣੇ ਆਇਆ ਸੀ।