ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨਵੀਂ ਟੀ-20 ਵਿਸ਼ਵ ਚੈਂਪੀਅਨ ਬਣ ਗਈ ਹੈ। ਨਿਊਜ਼ੀਲੈਂਡ ਨੇ ਟੂਰਨਾਮੈਂਟ ਦੇ ਫਾਈਨਲ ‘ਚ ਦੱਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਇਹ ਟਰਾਫੀ ਜਿੱਤਣ ‘ਚ ਸਫਲਤਾ ਹਾਸਿਲ ਕੀਤੀ ਹੈ। ਨਿਊਜ਼ੀਲੈਂਡ ਨੇ ਖ਼ਿਤਾਬੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 159 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 127 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੀ ਜਿੱਤ ਵਿੱਚ ਅਮੇਲੀਆ ਕਾਰ ਨੇ 43 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਰੋਜ਼ਮੇਰੀ ਮੇਅਰ ਨੇ ਤਿੰਨ ਵਿਕਟਾਂ ਲਈਆਂ। ਇਸ ਨਾਲ ਨਿਊਜ਼ੀਲੈਂਡ ਨੇ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀਆਂ ਆਸਟ੍ਰੇਲੀਆ, ਵੈਸਟਇੰਡੀਜ਼ ਅਤੇ ਇੰਗਲੈਂਡ ਟੀਮਾਂ ਦੀ ਸੂਚੀ ‘ਚ ਸ਼ਾਮਿਲ ਹੋ ਗਿਆ ਹੈ। ਨਿਊਜ਼ੀਲੈਂਡ ਨੇ 2009 ‘ਚ ਪਹਿਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਵੀ ਜਗ੍ਹਾ ਬਣਾਈ ਸੀ ਪਰ ਉਸ ਨੂੰ ਫਾਈਨਲ ਜਿੱਤਣ ਲਈ 15 ਸਾਲ ਇੰਤਜ਼ਾਰ ਕਰਨਾ ਪਿਆ ਹੈ।
