ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ (ਬੁੱਧਵਾਰ 9 ਨਵੰਬਰ) ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣਾ ਹੈ। ਟੀ-20 ਹੋਵੇ ਜਾਂ ਵਨਡੇ ਵਿਸ਼ਵ ਕੱਪ, ਨਿਊਜ਼ੀਲੈਂਡ ਦੀ ਟੀਮ ਕਦੇ ਵੀ ਸੈਮੀਫਾਈਨਲ ‘ਚ ਪਾਕਿਸਤਾਨ ਖਿਲਾਫ ਨਹੀਂ ਜਿੱਤ ਸਕੀ ਹੈ। ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਕੀਵੀ ਟੀਮ ਇਸ ਲੜੀ ਨੂੰ ਤੋੜਨਾ ਚਾਹੇਗੀ। ਨਿਊਜ਼ੀਲੈਂਡ ਅਤੇ ਪਾਕਿਸਤਾਨ 1992 ਅਤੇ 1999 ਵਨਡੇ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋਏ ਸਨ। ਇਸ ਤੋਂ ਬਾਅਦ 2007 ਦੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੀ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਅਤੇ ਪਾਕਿਸਤਾਨ ਨੇ ਤਿੰਨੋਂ ਮੈਚ ਜਿੱਤੇ ਸਨ। ਕੀਵੀ ਟੀਮ ਇਨ੍ਹਾਂ ਤਿੰਨਾਂ ਹਾਰਾਂ ਦਾ ਬਦਲਾ ਲੈਣ ਲਈ ਸਿਡਨੀ ‘ਚ ਉਤਰੇਗੀ।
ਇਸ ਵਾਰ ਨਿਊਜ਼ੀਲੈਂਡ ਦੀ ਟੀਮ ਸ਼ਾਨਦਾਰ ਫਾਰਮ ‘ਚ ਹੈ। ਨਿਊਜ਼ੀਲੈਂਡ, ਇੰਗਲੈਂਡ, ਮੇਜ਼ਬਾਨ ਆਸਟ੍ਰੇਲੀਆ, ਸ਼੍ਰੀਲੰਕਾ ਅਤੇ ਅਫਗਾਨਿਸਤਾਨ, ਆਇਰਲੈਂਡ ਵਰਗੀਆਂ ਟੀਮਾਂ ਵਾਲੇ ਗਰੁੱਪ-1 ਵਿਚ ਸਿਖਰ ‘ਤੇ ਰਹੀ ਸੀ। ਨਿਊਜ਼ੀਲੈਂਡ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਪਾਕਿਸਤਾਨ ਦੇ ਮੁਕਾਬਲੇ ਜ਼ਿਆਦਾ ਸੰਤੁਲਿਤ ਹੈ। ਹਾਲਾਂਕਿ ਕਿਸਮਤ ਦੇ ਸਹਾਰੇ ਸੈਮੀਫਾਈਨਲ ‘ਚ ਪਹੁੰਚੀ ਪਾਕਿਸਤਾਨ ਦੀ ਟੀਮ ਆਪਣੇ ਰਸਤੇ ‘ਚ ਆਏ ਮੌਕੇ ਨੂੰ ਗੁਆਉਣਾ ਨਹੀਂ ਚਾਹੇਗੀ। 2009 ਦੀ ਚੈਂਪੀਅਨ ਪਾਕਿਸਤਾਨ ਛੇਵੀਂ ਵਾਰ ਸੈਮੀਫਾਈਨਲ ਖੇਡਣ ਜਾ ਰਹੀ ਹੈ ਅਤੇ ਤੀਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਉਣਾ ਚਾਹੇਗੀ।