ਜਿਵੇਂ ਹੀ ਇੱਕ ਕੋਰੀਅਰ ਵੈਂਨ ਡਰਾਈਵਰ ਆਪਣੇ ਪਾਰਸਲ ਛਾਂਟਣ ਲਈ ਰੁਕਿਆ, ਇੱਕ ਗਿਰੋਹ ਮੈਂਬਰ ਨੇ ਉਸ ਉੱਤੇ ਹਮਲਾ ਕੀਤਾ ਅਤੇ ਉਸਦੀ ਗਰਦਨ ‘ਤੇ ਇੱਕ ਸਕ੍ਰਿਊਡ੍ਰਾਈਵਰ ਰੱਖ ਉਸਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ 15 ਮਿੰਟ ਤੱਕ ਡਰਾਈਵਰ ਲਈ ਦਹਿਸ਼ਤ ਦਾ ਮਾਹੌਲ ਬਣਿਆ ਜਦੋਂ ਪੀੜਤ ਨੂੰ ਇੱਕ ਇਕਾਂਤ ਜਗ੍ਹਾ ‘ਤੇ ਲਿਜਾਇਆ ਗਿਆ, ਉਸਨੂੰ ਨੰਗਾ ਕਰਨ ਅਤੇ ਗਲਾ ਘੁੱਟਣ ਦਾ ਹੁਕਮ ਦਿੱਤਾ ਗਿਆ। ਇਸ ਮਗਰੋਂ ਬਲੈਕ ਪਾਵਰ ਮੈਂਬਰ ਜੈਸੀ ਰੌਬਰਟਸ ਅਤੇ ਉਸਦਾ ਸਾਥੀ ਫਿਰ 40 ਪੈਕੇਜ ਲੈ ਕੇ ਭੱਜ ਗਏ ਸਨ, ਪੀੜਤ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਉਸ ਨੂੰ ਮਾਨਸਿਕ ਤੌਰ ‘ਤੇ ਸੱਟ ਲੱਗੀ ਸੀ। ਰੌਬਰਟਸ ਇਸ ਹਫ਼ਤੇ ਹੈਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਪਿਛਲੇ ਸਾਲ 7 ਅਗਸਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਹੋਈ ਲੁੱਟ ਅਤੇ ਅਗਵਾ ਦੇ ਦੋਸ਼ਾਂ ਵਿੱਚ ਪੇਸ਼ ਹੋਇਆ ਸੀ ਜਿੱਥੇ ਜੱਜ ਫਿਲਿਪ ਕ੍ਰੇਟਨ ਨੇ 21 ਸਾਲਾ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਹਾਲਾਂਕਿ ਉਸਨੂੰ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ ਕਿਉਂਕਿ ਰੌਬਰਟਸ ਕੋਲ ਭੁਗਤਾਨ ਕਰਨ ਦਾ ਕੋਈ ਸਾਧਨ ਨਹੀਂ ਸੀ। ਰੌਬਰਟਸ ਨੂੰ 30 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਡਕੈਤੀ ਵਿੱਚ ਪਾਰਸਲਾਂ ‘ਚੋਂ ਚੋਰੀ ਕੀਤੀਆਂ ਗਈਆਂ ਚੀਜ਼ਾਂ ਦੇ ਨਾਲ ਮਿਲਿਆ ਸੀ।
