ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੌਰੇ ‘ਤੇ ਆ ਰਹੇ ਹਨ। ਕ੍ਰਿਸਟੋਫਰ ਲਕਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ 16 ਤੋਂ 20 ਮਾਰਚ, 2025 ਤੱਕ ਭਾਰਤ ਦਾ ਅਧਿਕਾਰਤ ਦੌਰਾ ਕਰਨਗੇ। ਉਨ੍ਹਾਂ ਨਾਲ ਉੱਚ ਪੱਧਰੀ ਵਫ਼ਦ ਵੀ ਆਵੇਗਾ। ਇਸ ਵਫ਼ਦ ਵਿੱਚ ਮੰਤਰੀ, ਸੀਨੀਅਰ ਅਧਿਕਾਰੀ, ਕਾਰੋਬਾਰੀ ਹਸਤੀਆਂ, ਮੀਡੀਆ ਅਤੇ ਨਿਊਜ਼ੀਲੈਂਡ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੈਂਬਰ ਸ਼ਾਮਿਲ ਹੋਣਗੇ।
ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬਿਆਨ ਦੇ ਅਨੁਸਾਰ, ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ 20 ਮਾਰਚ, 2025 ਨੂੰ ਵੈਲਿੰਗਟਨ ਪਰਤਣ ਤੋਂ ਪਹਿਲਾਂ ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕਰਨਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਲਕਸਨ 17 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ-ਨਿਊਜ਼ੀਲੈਂਡ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਵਿਗਿਆਨ, ਵਪਾਰ, ਦੁਵੱਲੇ ਸਹਿਯੋਗ ਅਤੇ ਸਿੱਖਿਆ ‘ਤੇ ਚਰਚਾ ਕਰਨਗੇ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਵੀ ਚਰਚਾ ਕਰਨਗੇ। 17 ਮਾਰਚ ਨੂੰ, ਉਹ ਨਵੀਂ ਦਿੱਲੀ ਵਿੱਚ 10ਵੇਂ ਰਾਇਸੀਨਾ ਡਾਇਲਾਗ 2025 ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਹਿਮਾਨਾਂ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਲਕਸ਼ਨ ਉਸੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੇ। ਲਕਸਨ ਫਿਰ 19-20 ਮਾਰਚ ਨੂੰ ਮੁੰਬਈ ਦਾ ਦੌਰਾ ਕਰਨਗੇ, ਜਿੱਥੇ ਉਹ ਭਾਰਤੀ ਵਪਾਰਕ ਨੇਤਾਵਾਂ ਅਤੇ ਵੱਖ-ਵੱਖ ਖੇਤਰਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਖੁਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਟਵਿੱਟਰ ‘ਤੇ ਆਪਣੀ ਭਾਰਤ ਫੇਰੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ”ਅਗਲੇ ਹਫਤੇ ਮੈਂ ਇਕ ਸੀਨੀਅਰ ਵਪਾਰਕ ਵਫਦ ਨਾਲ ਭਾਰਤ ਦਾ ਦੌਰਾ ਕਰਾਂਗਾ। ਭਾਰਤ ਨਾਲ ਨਿਊਜ਼ੀਲੈਂਡ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਮੇਰੀ ਸਰਕਾਰ ਦੀ ਮੁੱਖ ਤਰਜੀਹ ਹੈ। ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਮੈਂ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਵਪਾਰਕ ਮੌਕਿਆਂ ਨੂੰ ਵਧਾਉਣ ਅਤੇ ਨਿਊਜ਼ੀਲੈਂਡ ਨੂੰ ਨਿਵੇਸ਼ ਦੇ ਸਥਾਨ ਵਜੋਂ ਅੱਗੇ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ। ਵਪਾਰ ਸਾਡੀ ਆਰਥਿਕਤਾ ਨੂੰ ਵਧਾਉਣ, ਰਹਿਣ-ਸਹਿਣ ਦੀ ਲਾਗਤ ਨੂੰ ਘਟਾਉਣ ਅਤੇ ਸਾਰੇ ਨਿਊਜ਼ੀਲੈਂਡ ਵਾਸੀਆਂ ਲਈ ਵਧੇਰੇ ਨੌਕਰੀਆਂ ਅਤੇ ਉੱਚ ਆਮਦਨ ਪੈਦਾ ਕਰਨ ਦੀ ਯੋਜਨਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ।