ਨਵੀਨਤਮ ਗਲੋਬਲ ਪਾਸਪੋਰਟ ਪਾਵਰ ਰੈਂਕਿੰਗ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ‘ਚ ਨਿਊਜ਼ੀਲੈਂਡ ਦੇ ਪਾਸਪੋਰਟ ਦੀ ਪਾਵਰ ‘ਚ ਵੱਡਾ ਵਾਧਾ ਹੋਇਆ ਹੈ। ਨਿਊਜ਼ੀਲੈਂਡ ਦਾ ਪਾਸਪੋਰਟ ਹੁਣ ਦੁਨੀਆਂ ਦਾ ਚੌਥੇ ਨੰਬਰ ਦਾ ਸਭ ਤੋਂ ਤਾਕਤਵਰ ਪਾਸਪੋਰਟ ਬਣ ਗਿਆ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਪਾਸਪੋਰਟ 6 ਨੰਬਰ ‘ਤੇ ਪਰ ਹੁਣ ਨਿਊਜ਼ੀਲੈਂਡ ਨੇ 5 ਨੰਬਰ ਵਾਲੇ ਆਸਟ੍ਰੇਲੀਆ ਨੂੰ ਵੀ ਪਛਾੜ ਚੌਥਾ ਨੰਬਰ ਹਾਸਿਲ ਕਰ ਲਿਆ ਹੈ। ਦੱਸ ਦੇਈਏ ਨਿਊਜ਼ੀਲੈਂਡ ਵਾਸੀ ਹੁਣ 190 ਦੇਸ਼ਾਂ ਵਿੱਚ ਬਿਨਾਂ ਵੀਜਾ ਘੁੰਮਣ ਜਾ ਸਕਦੇ ਹਨ। ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਸਿੰਘਾਪੁਰ ਦਾ ਪਾਸਪੋਰਟ ਹੈ, ਜਿੱਥੋਂ ਦੇ ਵਸਨੀਕ 195 ਦੇਸ਼ ਬਿਨਾਂ ਵੀਜਾ ਘੁੰਮਣ ਜਾ ਸਕਦੇ ਹਨ। ਉੱਥੇ ਹੀ ਨਿਊਜ਼ੀਲੈਂਡ ਦੇ ਨਾਲ ਚੌਥੇ ਨੰਬਰ ‘ਤੇ ਸਵਿਟਜਰਲੈਂਡ, ਡੈਨਮਾਰਕ, ਬੈਲਜੀਅਮ, ਯੂਕੇ ਹਨ। ਦੂਜੇ ਸਥਾਨ ‘ਤੇ ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਸਪੇਨ ਹਨ ਜਿੱਥੋਂ ਦੇ ਵਾਸੀ 192 ਦੇਸ਼ ਬਿਨਾਂ ਵੀਜਾ ਘੁੰਮ ਸਕਦੇ ਹਨ। ਜਦਕਿ ਆਸਟਰੀਆ, ਫਿਨਲੈਂਡ, ਆਇਰਲੈਂਡ, ਲਕਸਮਬਰਗ, ਨੀਦਰਲੈਂਡ, ਦੱਖਣੀ ਕੋਰੀਆ ਅਤੇ ਸਵੀਡਨ ਸਾਰੇ ਤੀਜੇ ਸਥਾਨ ‘ਤੇ ਹਨ।
