ਵਾਹ ਜਿੱਤ ਹੋਵੇ ਤਾਂ ਨਿਊਜ਼ੀਲੈਂਡ ਦੀ ਟੀਮ ਵਰਗੀ, ਜਿਸ ਨੇ ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਾ ਸੋਕਾ ਵੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਖ਼ਤਮ ਕੀਤਾ ਹੈ। ਮਹਿਲਾ ਫੀਫਾ ਵਿਸ਼ਵ ਕੱਪ 2023 ਦਾ ਉਦਘਾਟਨੀ ਮੈਚ ਨਿਊਜ਼ੀਲੈਂਡ ਅਤੇ ਨਾਰਵੇ ਵਿਚਕਾਰ ਖੇਡਿਆ ਗਿਆ ਹੈ। ਮੇਜ਼ਬਾਨ ਨਿਊਜ਼ੀਲੈਂਡ ਨੇ ਸਾਬਕਾ ਵਿਸ਼ਵ ਚੈਂਪੀਅਨ ਨੂੰ 1-0 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਲਈ ਇਹ ਇਤਿਹਾਸਕ ਜਿੱਤ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੀ ਟੀਮ ਕੋਈ ਮੈਚ ਜਿੱਤਣ ਵਿੱਚ ਕਾਮਯਾਬ ਰਹੀ ਹੈ। ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੀ ਪਹਿਲੀ ਜਿੱਤ ਦਾ ਸੋਕਾ ਖਤਮ ਕੀਤਾ ਹੈ।
ਨਿਊਜ਼ੀਲੈਂਡ ਦੀ ਜਿੱਤ ਦੀ ਸਿਤਾਰਾ ਹੈਨਾ ਵਿਲਕਿਨਸਨ ਰਹੀ, ਜਿਸ ਨੇ ਦੂਜੇ ਹਾਫ ‘ਚ ਸ਼ਾਨਦਾਰ ਗੋਲ ਕੀਤਾ। ਨਾਰਵੇ ਦੀ ਟੀਮ ਵੀ ਨਿਊਜ਼ੀਲੈਂਡ ਦੇ ਡਿਫੈਂਸ ਨੂੰ ਤੋੜ ਨਹੀਂ ਸਕੀ। ਨਿਊਜ਼ੀਲੈਂਡ ਨੇ ਰਿਕਾਰਡ 42,137 ਦਰਸ਼ਕਾਂ ਦੇ ਸਾਹਮਣੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਇਸ ਤੋਂ ਪਹਿਲਾਂ 5 ਵਿਸ਼ਵ ਕੱਪ ਖੇਡ ਚੁੱਕਾ ਹੈ, ਪਰ ਸਾਰੇ ਪੰਜ ਵਿਸ਼ਵ ਕੱਪਾਂ ‘ਚ ਇੱਕ ਵੀ ਮੈਚ ਨਹੀਂ ਜਿੱਤ ਸਕਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਨਾਰਵੇ 1991 ਵਿੱਚ ਆਹਮੋ-ਸਾਹਮਣੇ ਹੋਏ ਸਨ, ਜਿੱਥੇ ਨਾਰਵੇ ਨੇ 4-0 ਨਾਲ ਜਿੱਤ ਦਰਜ ਕੀਤੀ ਸੀ। ਪਹਿਲੀ ਜਿੱਤ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਵਿੱਚ 15 ਮੈਚ ਹਾਰੇ ਸਨ ਅਤੇ 6 ਮੈਚ ਡਰਾਅ ਖੇਡੇ ਸਨ।