ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਖੇਡਣ ਤੋਂ ਬਾਅਦ ਭਾਰਤੀ ਟੀਮ ਟੀ-20 ਵਿਸ਼ਵ ਕੱਪ 2022 ਖੇਡਣ ਆਸਟ੍ਰੇਲੀਆ ਜਾਵੇਗੀ ਪਰ ਭਾਰਤੀ ਟੀਮ ਦੀ ਗੇਂਦਬਾਜ਼ੀ ਲਗਾਤਾਰ ਸਮੱਸਿਆ ਬਣੀ ਹੋਈ ਹੈ। ਟੀਮ ਦੇ ਤਜਰਬੇਕਾਰ ਸਵਿੰਗ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਾਰਮ ਨਾਲ ਜੂਝ ਰਹੇ ਹਨ ਅਤੇ ਡੈੱਥ ਓਵਰਾਂ ‘ਚ ਕਾਫੀ ਮਹਿੰਗੇ ਸਾਬਿਤ ਹੋ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਜਿਸ ਮਗਰੋਂ ਉਨ੍ਹਾਂ ਦੀ ਪਤਨੀ ਨੁਪੁਰ ਨਾਗਰ ਨੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਏਸ਼ੀਆ ਕੱਪ 2022 ਤੋਂ ਹੀ ਆਲੋਚਕਾਂ ਦੇ ਨਿਸ਼ਾਨੇ ‘ਤੇ ਹਨ। ਆਸਟ੍ਰੇਲੀਆ ਖਿਲਾਫ ਭੁਵਨੇਸ਼ਵਰ ਕੁਮਾਰ ਦੇ 19ਵੇਂ ਓਵਰ ‘ਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ 16 ਦੌੜਾਂ ਬਣਾਈਆਂ। ਇਸ ਓਵਰ ਤੋਂ ਬਾਅਦ ਮੈਚ ਭਾਰਤੀ ਟੀਮ ਦੇ ਹੱਥੋਂ ਖਿਸਕ ਗਿਆ। ਦਰਅਸਲ ਭੁਵਨੇਸ਼ਵਰ ਕੁਮਾਰ ਨੂੰ ਆਸਟ੍ਰੇਲੀਆ ਖਿਲਾਫ ਮੈਚ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਹੁਣ ਇਸ ਤੇਜ਼ ਗੇਂਦਬਾਜ਼ ਦੀ ਪਤਨੀ ਨੁਪੁਰ ਨਾਗਰ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ਅੱਜ-ਕੱਲ੍ਹ ਲੋਕ ਇੰਨੇ ਨਿਕੰਮੇ ਹੋ ਗਏ ਹਨ ਕਿ ਉਨ੍ਹਾਂ ਕੋਲ ਕਰਨ ਲਈ ਕੁੱਝ ਵੀ ਨਹੀਂ ਹੈ ਅਤੇ ਉਨ੍ਹਾਂ ਕੋਲ ਨਫ਼ਰਤ ਅਤੇ ਈਰਖਾ ਫੈਲਾਉਣ ਲਈ ਬਹੁਤ ਸਮਾਂ ਹੈ। ਉਨ੍ਹਾਂ ਸਾਰਿਆਂ ਨੂੰ ਮੇਰੀ ਸਲਾਹ ਹੈ ਕਿ ਤੁਹਾਡੀਆਂ ਗੱਲਾਂ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ।
ਭੁਵਨੇਸ਼ਵਰ ਕੁਮਾਰ ਦੀ ਪਤਨੀ ਨੇ ਅੱਗੇ ਲਿਖਿਆ ਕਿ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਆਪ ਨੂੰ ਸੁਧਾਰਨ ਲਈ ਸਮਾਂ ਕੱਢੋ। ਹਾਲਾਂਕਿ, ਇਸ ਲਈ ਬਹੁਤ ਘੱਟ ਗੁੰਜਾਇਸ਼ ਹੈ। ਖਾਸ ਗੱਲ ਇਹ ਹੈ ਕਿ ਆਸਟ੍ਰੇਲੀਆ ਖਿਲਾਫ ਪਹਿਲੇ ਮੈਚ ‘ਚ ਭੁਵਨੇਸ਼ਵਰ ਕੁਮਾਰ ਕਾਫੀ ਮਹਿੰਗਾ ਸਾਬਿਤ ਹੋਇਆ ਸੀ। ਭੁਵਨੇਸ਼ਵਰ ਕੁਮਾਰ ਅਤੇ ਹਰਸ਼ਲ ਪਟੇਲ ਦੇ 8 ਓਵਰਾਂ ਵਿੱਚ 101 ਦੌੜਾਂ ਬਣੀਆਂ ਸਨ। ਇਸ ਤਰ੍ਹਾਂ ਭਾਰਤੀ ਟੀਮ 20 ਓਵਰਾਂ ਵਿੱਚ 208 ਦੌੜਾਂ ਦਾ ਬਚਾਅ ਨਹੀਂ ਕਰ ਸਕੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 208 ਦੌੜਾਂ ਬਣਾਈਆਂ ਪਰ ਆਸਟ੍ਰੇਲੀਆ ਨੇ 19.4 ਓਵਰਾਂ ‘ਚ 6 ਵਿਕਟਾਂ ‘ਤੇ ਟੀਚਾ ਹਾਸਿਲ ਕਰ ਲਿਆ ਸੀ।