ਨਿਊਜ਼ੀਲੈਂਡ ਛੱਡ ਕਿ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਨੇ ਇੱਕ ਵਾਰ ਫਿਰ ਨਵਾਂ ਰਿਕਾਰਡ ਬਣਾਇਆ ਹੈ। ਸਟੇਟਸ ਐਨ ਜੈਡ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ ਸਾਲ ਸ਼ੁਰੂ ਤੋਂ ਨਵੰਬਰ ਤੱਕ 127,800 ਨੇ ਨਿਊਜ਼ੀਲੈਂਡ ਛੱਡਿਆ ਸੀ। ਜਦਕਿ ਇਨ੍ਹਾਂ ‘ਚੋਂ 72,900 ਲੋਕ ਨਿਊਜ਼ੀਲੈਂਡ ਵਾਸੀ ਸਨ, ਅਹਿਮ ਗੱਲ ਹੈ ਕਿ ਇੰਨਾਂ ‘ਚੋਂ 56 ਫੀਸਦੀ ਲੋਕ ਆਸਟ੍ਰੇਲੀਆ ਗਏ ਹਨ। ਜੇਕਰ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜਿਆਦਾ ਭਾਰਤੀ ਮੂਲ ਦੇ ਲੋਕ ਇੱਥੇ ਆ ਰਹੇ ਹਨ ਤੇ ਫਿਰ ਕ੍ਰਮਵਾਰ ਚੀਨ, ਫਿਲੀਪੀਨਜ਼, ਸ਼੍ਰੀਲੰਕਾ, ਫੀਜੀ ਤੇ ਯੂਕੇ ਦਾ ਨੰਬਰ ਆਉਂਦਾ ਹੈ। ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਸ ਸਮੇਂ ਦੌਰਾਨ ਨਿਊਜੀਲੈਂਡ ਆਉਣ ਵਾਲਿਆਂ ਦੀ ਗਿਣਤੀ ਸਾਲ 2023 ਦੇ ਮੁਕਾਬਲੇ 32 ਫੀਸਦੀ ਘੱਟ ਕੇ 158,000 ਰਹਿ ਗਈ ਹੈ।