ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਵਿੱਚ ਕੁੱਝ ਦਿਨ ਪਹਿਲਾਂ ਮਾਰੇ ਗਏ ਐਨਆਰਆਈ ਬਨਿੰਦਰਦੀਪ ਸਿੰਘ ਦਾ ਉਸ ਦੇ ਨੌਕਰ ਨੇ ਹੀ ਕਤਲ ਕੀਤਾ ਸੀ। ਕਮਿਸ਼ਨਰੇਟ ਪੁਲਿਸ ਨੇ ਕਤਲ ਦੇ ਮਾਸਟਰ ਮਾਈਂਡ ਨੌਕਰ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਐਨਆਰਆਈ ਅਤੇ ਉਸਦੇ ਪਰਿਵਾਰ ਦੀ ਸਾਰੀ ਜਾਇਦਾਦ ਹੜੱਪਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਨੌਕਰ ਬਲ ਸਿੰਘ ਨੇ ਕਤਲ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨਾਲ 3 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ ਅਤੇ 2.70 ਲੱਖ ਰੁਪਏ ਪੇਸ਼ਗੀ ਵਜੋਂ ਦਿੱਤੇ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪੁਲਿਸ ਨੂੰ ਲੈ ਕੇ ਘੁੰਮ ਰਿਹਾ ਸੀ। ਦੋਸ਼ੀ ਪਰਿਵਾਰ ਸਮੇਤ ਰੋਂਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਉਸਦਾ ਭਰਾ ਇਸ ਦੁਨੀਆਂ ਤੋਂ ਚਲਾ ਗਿਆ ਹੈ। ਪਰਵਾਸੀ ਭਾਰਤੀ ਅਤੇ ਉਸ ਦਾ ਪਰਿਵਾਰ ਬਲ ਸਿੰਘ ਨੂੰ ਪਰਿਵਾਰਕ ਮੈਂਬਰ ਵਾਂਗ ਸਮਝਦੇ ਸੀ।
ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਨੇ ਤੇਜ਼ਧਾਰ ਹਥਿਆਰ ਅਤੇ 1.80 ਲੱਖ ਰੁਪਏ ਦੀ ਨਕਦੀ ਸਮੇਤ ਵਾਰਦਾਤ ’ਚ ਵਰਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਲ ਸਿੰਘ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦਾ ਵਸਨੀਕ ਹੈ। ਜਦੋਂ ਉਹ 12 ਸਾਲਾਂ ਦਾ ਸੀ ਤਾਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਹ ਐਨਆਰਆਈ ਬਨਿੰਦਰਦੀਪ ਸਿੰਘ ਦੇ ਪਰਿਵਾਰ ਨਾਲ ਰਹਿੰਦਾ ਸੀ। ਕਰੀਬ 15 ਸਾਲ ਇਕੱਠੇ ਰਹਿਣ ਕਾਰਨ ਹਰ ਕੋਈ ਉਸ ਨੂੰ ਪਰਿਵਾਰਕ ਮੈਂਬਰ ਕਹਿ ਕੇ ਬੁਲਾਉਂਦਾ ਸੀ ਅਤੇ ਪਰਿਵਾਰ ਵਾਲੇ ਵੀ ਉਸ ਨੂੰ ਆਪਣਾ ਪੁੱਤਰ ਹੀ ਆਖਦੇ ਸਨ। ਜਦੋਂ ਵੀ ਪ੍ਰਵਾਸੀ ਭਾਰਤੀ ਦਾ ਪੂਰਾ ਪਰਿਵਾਰ ਵਿਦੇਸ਼ ਹੁੰਦਾ ਸੀ ਤਾਂ ਬਲ ਸਿੰਘ ਸਾਰੀ ਜਾਇਦਾਦ, ਘਰ ਅਤੇ ਫਾਰਮ ਹਾਊਸ ਦੀ ਦੇਖਭਾਲ ਕਰਦਾ ਸੀ। ਦੱਸ ਦੇਈਏ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਨੂੰ 72 ਘੰਟਿਆਂ ਦੇ ਵਿੱਚ ਸੁਲਝਾਇਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੁਧਿਆਣੇ ‘ਚ ਕਰਾਈਮ ਕਰੋਂਗੇ ਤਾਂ ਫੜੇ ਜਾਓਗੇ।