ਦੱਖਣੀ ਯੂਰਪੀ ਦੇਸ਼ ਉੱਤਰੀ ਮੈਸੇਡੋਨੀਆ ‘ਚ ਇੱਕ ਨਾਈਟ ਕਲੱਬ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ 51 ਲੋਕਾਂ ਦੀ ਸੜ ਕੇ ਦਰਦਨਾਕ ਮੌਤ ਹੋ ਗਈ ਹੈ, ਜਦਕਿ 100 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਖਬਰਾਂ ਮੁਤਾਬਿਕ ਰਾਜਧਾਨੀ ਸਕੋਪਜੇ ਤੋਂ ਕਰੀਬ 100 ਕਿਲੋਮੀਟਰ ਪੂਰਬ ‘ਚ ਸਥਿਤ ਕੋਕਾਨੀ ਸ਼ਹਿਰ ਦੇ ਪਲਸ ਨਾਈਟ ਕਲੱਬ ‘ਚ ਐਤਵਾਰ ਸਵੇਰੇ ਅੱਗ ਲੱਗ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਾਈਟ ਕਲੱਬ ‘ਚ ਇੱਕ ਸੰਗੀਤ ਸਮਾਰੋਹ ਦੌਰਾਨ ਚੱਲ ਰਹੀ ਆਤਿਸ਼ਬਾਜ਼ੀ ਕਾਰਨ ਵਾਪਰਿਆ। ਘਟਨਾ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਅੱਗ ਕਿੰਨੀ ਭਿਆਨਕ ਸੀ। ਅੱਗ ਦੀਆਂ ਲਪਟਾਂ ਅਤੇ ਧੂੰਏਂ ਦੇ ਬੱਦਲ ਚਾਰੇ ਪਾਸੇ ਫੈਲਦੇ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਇਮਾਰਤ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ ਅਤੇ ਰਾਤ ਨੂੰ ਅਸਮਾਨ ਵਿੱਚ ਧੂੰਆਂ ਉੱਠ ਰਿਹਾ ਹੈ। ਹਾਦਸੇ ਸਮੇਂ ਕਲੱਬ ‘ਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਇਸ ਘਟਨਾ ਨਾਲ ਕਲੱਬ ‘ਚ ਹੜਕੰਪ ਮਚ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।