ਉੱਤਰੀ ਆਕਲੈਂਡ ਦੇ ਪੁਹੋਈ ਤੋਂ ਵਾਰਕਵਰਥ ਮੋਟਰਵੇਅ, ਆਰਾ ਤੁਹੋਨੋ, ਹੁਣ ਖੋਲ੍ਹ ਦਿੱਤਾ ਗਿਆ ਹੈ। ਵਾਕਾ ਕੋਟਾਹੀ ਐਨਜ਼ੈਡਟੀਏ ਨੇ ਕਿਹਾ ਕਿ ਇਹ ਸੜਕ ਸੋਮਵਾਰ ਸਵੇਰੇ ਖੋਲ੍ਹੀ ਗਈ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ 18 ਮਹੀਨਿਆਂ ਦੀ ਦੇਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਮੋਟਰਵੇਅ ਨੂੰ ਖੋਲ੍ਹਿਆ ਸੀ ਭਾਵ ਉਦਘਾਟਨ ਕੀਤਾ ਸੀ। ਇਹ ਸੜਕ ਰਾਜ ਮਾਰਗ 1 ਦਾ ਸਭ ਤੋਂ ਨਵਾਂ ਜੋੜ ਹੈ, ਜਿਸ ‘ਤੇ ਹਰ ਰੋਜ਼ 35,000 ਤੋਂ ਵੱਧ ਵਾਹਨਾਂ ਦੇ ਸੜਕ ਦੀ ਵਰਤੋਂ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। ਸ਼ੁੱਕਰਵਾਰ ਨੂੰ ਹਿਪਕਿਨਜ਼ ਨੇ ਕਿਹਾ ਸੀ ਕਿ: “ਹਾਲ ਹੀ ਦੀਆਂ ਅਤਿਅੰਤ ਮੌਸਮ ਦੀਆਂ ਘਟਨਾਵਾਂ ਨੇ ਇਹ ਉਜਾਗਰ ਕੀਤਾ ਹੈ ਕਿ ਆਕਲੈਂਡ ਤੋਂ ਨੌਰਥਲੈਂਡ ਟਰਾਂਸਪੋਰਟ ਕੋਰੀਡੋਰ ਕਿੰਨਾ ਨਾਜ਼ੁਕ ਹੋ ਸਕਦਾ ਹੈ, ਇਸ ਲਈ ਇਹ ਉੱਤਰ ਨਾਲ ਇੱਕ ਭਰੋਸੇਯੋਗ ਸੰਪਰਕ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਕਦਮ ਹੈ।”
ਵਾਕਾ ਕੋਟਾਹੀ ਅਤੇ ਨਾਰਦਰਨ ਐਕਸਪ੍ਰੈਸ ਗਰੁੱਪ ਵਿਚਕਾਰ ਸਾਂਝੇਦਾਰੀ ਵਜੋਂ 18.5 ਕਿਲੋਮੀਟਰ ਦਾ ਮੋਟਰਵੇਅ ਬਣਾਇਆ ਗਿਆ ਸੀ। ਐਸੋਸੀਏਟ ਟਰਾਂਸਪੋਰਟ ਮੰਤਰੀ ਕਿਰੀ ਐਲਨ ਦਾ ਕਹਿਣਾ ਹੈ ਕਿ ਸਥਾਨਕ ਵਾਰਕਵਰਥ ਖੇਤਰ ਨੂੰ ਅਗਲੇ 20 ਸਾਲਾਂ ਵਿੱਚ ਹੋਰ 7300 ਘਰਾਂ ਦਾ ਸਮਰਥਨ ਕਰਨ ਲਈ ਸੜਕ ਅਤੇ ਸੰਬੰਧਿਤ ਬੁਨਿਆਦੀ ਢਾਂਚੇ ਦੇ ਨਾਲ ਮੋਟਰਵੇਅ ਤੋਂ ਲਾਭ ਹੋਵੇਗਾ। “ਇਸ ਯੋਜਨਾਬੱਧ ਵਿਕਾਸ ਨੂੰ ਸਮਰਥਨ ਦੇਣ ਲਈ ਹੋਰ ਕੰਮ ਸਥਾਨਕ ਸੜਕਾਂ, ਇੱਕ ਨਵਾਂ ਤੇਜ਼ ਆਵਾਜਾਈ ਕੋਰੀਡੋਰ, ਬੱਸ ਰੂਟਾਂ ਅਤੇ 25 ਕਿਲੋਮੀਟਰ ਦੇ ਨਵੇਂ ਪੈਦਲ ਅਤੇ ਸਾਈਕਲਿੰਗ ਮਾਰਗਾਂ ਨੂੰ ਅਪਗ੍ਰੇਡ ਕਰਨ ‘ਤੇ ਕੇਂਦਰਿਤ ਹੋਵੇਗਾ।”