ਡੀਪਫੇਕ ਵੀਡੀਓਜ਼ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਇਨ੍ਹੀਂ ਦਿਨੀਂ ਫਿਲਮ ਇੰਡਸਟਰੀ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ‘ਚ ਰਸ਼ਮੀਕਾ ਮੰਦਾਨਾ ਦਾ ਡੀਪਫੇਕ ਵੀਡੀਓ ਵੀ ਵਾਇਰਲ ਹੋਇਆ ਸੀ। ਮਾਮਲਾ ਵਧਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ। ਹਲੇ ਇਸ ਮਾਮਲੇ ‘ਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿ ਇਕ ਹੋਰ ਡੀਪਫੇਕ ਵੀਡੀਓ ਸਾਹਮਣੇ ਆਇਆ ਹੈ। ਇਸ ਵਾਰ ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਡੀਪਫੇਕ ਦਾ ਸ਼ਿਕਾਰ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਨੋਰਾ ਫਤੇਹੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦਰਅਸਲ ਇਹ ਵੀਡੀਓ ਆਨਲਾਈਨ ਸ਼ਾਪਿੰਗ ਬ੍ਰਾਂਡ ਨਾਲ ਸਬੰਧਿਤ ਹੈ। ਅਦਾਕਾਰਾ ਨੇ ਇਸ ਵੀਡੀਓ ਦੀ ਸੱਚਾਈ ਦੱਸਦੇ ਹੋਏ ਆਪਣਾ ਗੁੱਸਾ ਕੱਢਿਆ ਹੈ।
ਅਸਲ ‘ਚ ‘ਲੁਲੂਮੇਲੋਨ’ ਨਾਂ ਦਾ ਇਕ ਫੈਸ਼ਨ ਬ੍ਰਾਂਡ ਹੈ, ਜਿਸ ਨੂੰ ਨੋਰਾ ਫਤੇਹੀ ਵੀਡੀਓ ‘ਚ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਨੋਰਾ ਫਤੇਹੀ ਦੀ ਤਸਵੀਰ ਹੈ। ਨਾਲ ਹੀ 60-40 ਫੀਸਦੀ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਹੁਣ ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਨੋਰਾ ਫਤੇਹੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਫਰਜ਼ੀ ਦੱਸਿਆ ਹੈ। ਇਸ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੋਰਾ ਫਤੇਹੀ ਨੇ ਲਿਖਿਆ: ਇਸ ਨੂੰ ਦੇਖਣ ਤੋਂ ਬਾਅਦ ਮੈਂ ਵੀ ਕਾਫੀ ਹੈਰਾਨ ਹਾਂ। ਪਰ ਇਹ ਮੈਂ ਨਹੀਂ ਹਾਂ। ਵੀਡੀਓ ‘ਚ ਨੋਰਾ ਫਤੇਹੀ ਜਿਸ ਬ੍ਰਾਂਡ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਹੈ, ਉਸ ‘ਚ ਅਭਿਨੇਤਰੀ ਦਾ ਚਿਹਰਾ ਮੋਰਫ ਕੀਤਾ ਗਿਆ ਹੈ। ਜਿਵੇਂ ਹੀ ਨੋਰਾ ਫਤੇਹੀ ਨੇ ਵੀਡੀਓ ਦੇਖਿਆ, ਉਨ੍ਹਾਂ ਨੇ ਤੁਰੰਤ ਇਸ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦਾ ਇਸ ਪ੍ਰਮੋਸ਼ਨਲ ਵੀਡੀਓ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦਰਅਸਲ, ਨੋਰਾ ਫਤੇਹੀ ਕਈ ਬ੍ਰਾਂਡਾਂ ਦੀ ਬ੍ਰਾਂਡ ਅੰਬੈਸਡਰ ਹੈ, ਉਥੇ ਹੀ ਉਹ ਸਾਲ ਭਰ ਕਈ ਬ੍ਰਾਂਡਾਂ ਨੂੰ ਪ੍ਰਮੋਟ ਕਰਦੀ ਵੀ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਦਾਕਾਰਾ ਕਾਫੀ ਹੈਰਾਨ ਹੈ। ਇਸ ਤੋਂ ਪਹਿਲਾਂ ਰਸ਼ਮਿਕਾ ਮੰਦਾਨਾ ਅਤੇ ਆਲੀਆ ਭੱਟ ਦਾ ਡੀਪਫੇਕ ਵੀਡੀਓ ਵੀ ਸੁਰਖੀਆਂ ‘ਚ ਰਿਹਾ ਸੀ।