ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਰਾਗੜ੍ਹੀ ਦੀ ਲੜਾਈ ਦੇ ਸ਼ਹੀਦਾਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਨ ਲਈ ਫਿਰੋਜ਼ਪੁਰ ਛਾਉਣੀ ਦੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਪੁੱਜੇ। ਇੱਥੇ ਸਭ ਤੋਂ ਪਹਿਲਾਂ ਉਨ੍ਹਾਂ 21 ਯੋਧਿਆਂ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਅਤੇ ਫਿਰ ਸ੍ਰੀ ਅਖੰਡ ਸਾਹਿਬ ਪਾਠ ਵਿੱਚ ਸ਼ਾਮਿਲ ਹੋਏ। ਇਸ ਤੋਂ ਬਾਅਦ ਉਨ੍ਹਾਂ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਦਸੰਬਰ ਮਹੀਨੇ ਵਿੱਚ ਪੰਜਾਬ ਵਿੱਚ ਕੋਈ ਸਮਾਗਮ ਨਹੀਂ ਹੋਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇੱਥੇ ਸਾਰਾਗੜ੍ਹੀ ਵਾਰ ਮੈਮੋਰੀਅਲ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਸਾਲ 2019 ਵਿੱਚ ਇੱਕ ਕਰੋੜ ਰੁਪਏ ਜਾਰੀ ਕੀਤੇ ਸਨ, ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕਿਉਂਕਿ ਇਸ ਲਈ ਹੋਰ 25 ਲੱਖ ਰੁਪਏ ਦੀ ਲੋੜ ਸੀ, ਜੋ ਜਾਰੀ ਨਹੀਂ ਕੀਤੇ ਗਏ। ਇਹ ਸ਼ਹੀਦਾਂ ਪ੍ਰਤੀ ਪਿਛਲੀਆਂ ਸਰਕਾਰਾਂ ਦੇ ਵਤੀਰੇ ਨੂੰ ਦਰਸਾਉਂਦਾ ਹੈ।
ਭਗਵੰਤ ਮਾਨ ਨੇ ਐਲਾਨ ਕੀਤਾ ਕਿ 21 ਸਿੱਖ ਯੋਧਿਆਂ ਦੀ ਯਾਦ ਵਿੱਚ ਬਣਨ ਵਾਲੀ ਯਾਦਗਾਰ ਦੀ ਉਸਾਰੀ ਦਾ ਕੰਮ 6 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਯਾਦਗਾਰ ਦੀ ਉਸਾਰੀ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਯਾਦਗਾਰ ਦਾ ਕੰਮ ਹਰ ਹਾਲਤ ਵਿੱਚ 6 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਹ ਜੰਗ ਦੀ ਯਾਦਗਾਰ ਦੇ ਕੰਮ ਦੀ ਖੁਦ ਨਿਗਰਾਨੀ ਕਰਨਗੇ। ਸਾਰਾਗੜ੍ਹੀ ਦੀ ਲੜਾਈ ਦੌਰਾਨ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਕਹਾਣੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀਆਂ ਬੇਮਿਸਾਲ ਅਤੇ ਮਹਾਨ ਕੁਰਬਾਨੀਆਂ ਮਨੁੱਖਤਾ ਨੂੰ ਹਮੇਸ਼ਾ ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਮੁਗਲ ਸੂਬੇਦਾਰ ਦੇ ਜ਼ੁਲਮ ਵਿਰੁੱਧ ਡਟ ਕੇ ਖੜ੍ਹ ਕੇ ਅਥਾਹ ਦਲੇਰੀ ਅਤੇ ਨਿਡਰਤਾ ਦਿਖਾਈ। ਸਾਹਿਬਜ਼ਾਦਿਆਂ ਨੂੰ ਬਹਾਦਰੀ ਅਤੇ ਨਿਰਸਵਾਰਥ ਸੇਵਾ ਦੇ ਗੁਣ ਦਸਮੇਸ਼ ਪਿਤਾ ਜੀ ਤੋਂ ਵਿਰਸੇ ਵਿਚ ਮਿਲੇ ਸਨ, ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਅਣਥੱਕ ਲੜਾਈ ਲੜੀ ਸੀ।
ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਸੰਬਰ ਦੇ ਮਹੀਨੇ ਸ਼ਹੀਦ ਹੋਏ ਸਨ, ਜਿਸ ਕਾਰਨ ਇਹ ਮਹੀਨਾ ਸਮੁੱਚੀ ਕੌਮ ਲਈ ਸੋਗ ਦਾ ਮਹੀਨਾ ਹੈ। ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਅਧਿਕਾਰੀਆਂ ਨੂੰ ਹਦਾਇਤ ਕਰ ਚੁੱਕੇ ਹਨ ਕਿ ਭਵਿੱਖ ਵਿੱਚ ਇਸ ਮਹੀਨੇ ਦੌਰਾਨ ਸਰਕਾਰੀ ਪੱਧਰ ’ਤੇ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਮਨਾਇਆ ਜਾਵੇ। ਇਹ ਉਪਰਾਲਾ ਸੂਬਾ ਸਰਕਾਰ ਅਤੇ ਲੋਕਾਂ ਵੱਲੋਂ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।