ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ‘ਤੇ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ ਦੌਰਾਨ ਆਈਪੀਐੱਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ‘ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਗਿਆ, ਜਦਕਿ ਟੀਮ ਦੇ ਸਹਾਇਕ ਕੋਚ ਪ੍ਰਵੀਨ ਅਮਰੇ ‘ਤੇ ਇੱਕ ਮੈਚ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਇੰਡੀਅਨ ਪ੍ਰੀਮੀਅਰ ਲੀਗ ਨੇ ਆਪਣੇ ਬਿਆਨ ‘ਚ ਕਿਹਾ ਕਿ ਅਮਰੇ ‘ਤੇ ਵੀ ਉਨ੍ਹਾਂ ਦੀ ਪੂਰੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਦਿੱਲੀ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ‘ਤੇ ਉਨ੍ਹਾਂ ਦੀ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਤਿੰਨਾਂ ‘ਤੇ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ਦੇ ਵਿਵਾਦਪੂਰਨ ਆਖਰੀ ਓਵਰ ‘ਚ ਭੂਮਿਕਾ ਲਈ ਜੁਰਮਾਨਾ ਲਗਾਇਆ ਗਿਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਨੂੰ ਆਖਰੀ ਓਵਰ ਵਿੱਚ ਜਿੱਤ ਲਈ 36 ਦੌੜਾਂ ਦੀ ਲੋੜ ਸੀ। ਅਜਿਹੇ ‘ਚ ਰੋਵਮੈਨ ਪਾਵੇਲ ਨੇ ਓਬੇਡ ਮੈਕਕੋਏ ਦੀਆਂ ਪਹਿਲੀਆਂ ਤਿੰਨ ਗੇਂਦਾਂ ‘ਤੇ ਛੱਕੇ ਜੜ ਦਿੱਤੇ। ਇਨ੍ਹਾਂ ਵਿੱਚ ਉਹ ਤੀਜੀ ਗੇਂਦ ਵੀ ਸ਼ਾਮਿਲ ਸੀ ਜੋ ਫੁੱਲ ਟਾਸ ਸੀ, ਜਿਸ ਨੂੰ ਦਿੱਲੀ ਦੀ ਟੀਮ ਨੋ ਬਾਲ ਦੇਣ ਦੀ ਮੰਗ ਕਰ ਰਹੀ ਸੀ। ਨਾਨ-ਸਟ੍ਰਾਈਕਰ ਐਂਡ ‘ਤੇ ਖੜ੍ਹੇ ਕੁਲਦੀਪ ਯਾਦਵ ਨੇ ਅੰਪਾਇਰ ਨੂੰ ਇਸ਼ਾਰਾ ਕੀਤਾ ਅਤੇ ਆਖਰੀ ਗੇਂਦ ਦਾ ਰੀਪਲੇ ਦੇਖਣ ਲਈ ਕਿਹਾ, ਕਿਉਂਕਿ ਜੇਕਰ ਇਹ ਲੱਕ ਤੋਂ ਉੱਪਰ ਹੁੰਦੀ ਤਾਂ ਨੋ ਬਾਲ ਹੋ ਸਕਦੀ ਸੀ। ਪਾਵੇਲ ਨੇ ਅੰਪਾਇਰਾਂ ਨਾਲ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਪਰ ਮੈਦਾਨ ‘ਤੇ ਮੌਜੂਦ ਅੰਪਾਇਰਾਂ ਨੇ ਗੇਂਦ ਨੂੰ ਜਾਇਜ਼ ਦੱਸਿਆ। ਪੰਤ ਨੇ ਫਿਰ ਪਾਵੇਲ ਅਤੇ ਕੁਲਦੀਪ ਨੂੰ ਵਾਪਸ ਆਉਣ ਲਈ ਕਿਹਾ। ਇਸ ਦੌਰਾਨ ਦਿੱਲੀ ਦੇ ਸਹਾਇਕ ਕੋਚ ਪ੍ਰਵੀਨ ਅਮਰੇ ਮੈਦਾਨ ‘ਤੇ ਗਏ, ਪਰ ਅੰਪਾਇਰਾਂ ਨੇ ਉਨ੍ਹਾਂ ਨੂੰ ਵਾਪਿਸ ਮੋੜ ਦਿੱਤਾ।
ਪੰਤ ਨੇ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.7 ਦੇ ਤਹਿਤ ਲੈਵਲ 2 ਦਾ ਅਪਰਾਧ ਮੰਨਿਆ ਹੈ ਅਤੇ ਜੁਰਮਾਨਾ ਸਵੀਕਾਰ ਕੀਤਾ ਹੈ। ਠਾਕੁਰ ਨੇ ਵੀ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.8 ਦੇ ਲੈਵਲ 2 ਦਾ ਜੁਰਮ ਅਤੇ ਜੁਰਮਾਨਾ ਵੀ ਸਵੀਕਾਰ ਕਰ ਲਿਆ ਹੈ। ਅਮਰੇ ‘ਤੇ ਇੱਕ ਮੈਚ ਦੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੇ ਆਈਪੀਐਲ ਕੋਡ ਆਫ਼ ਕੰਡਕਟ ਦੀ ਧਾਰਾ 2.2 ਦੇ ਤਹਿਤ ਪੱਧਰ ਦੋ ਦਾ ਜੁਰਮ ਵੀ ਸਵੀਕਾਰ ਕੀਤਾ ਅਤੇ ਜੁਰਮਾਨਾ ਵੀ ਸਵੀਕਾਰ ਕੀਤਾ।